ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਯਾਨੀ (ਕੱਲ੍ਹ) ਪੰਜਾਬ ਆ ਰਹੇ ਹਨ। ਉਹ ਇੱਥੇ ਫਿਰੋਜ਼ਪੁਰ ’ਚ ਵਿਕਾਸ ਤੇ ਪੰਜਾਬ ’ਚ ‘ਬਦਲਾਅ’ ਦਾ ਨੀਂਹ ਪੱਥਰ ਰੱਖਣਗੇ। ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਹੋ ਰਹੀ ਇਸ ਰੈਲੀ ਤੋਂ ਪੰਜਾਬ ਭਾਜਪਾ ਨੂੰ ਬਹੁਤ ਉਮੀਦਾਂ ਹਨ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਸੋਸ਼ਲ ਮੀਡੀਆ ਸੈੱਲ ਸਰਗਰਮ ਹੋ ਗਿਆ ਹੈ। ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਭਾਜਪਾ ਦੇ ਸੋਸ਼ਲ ਮੀਡੀਆ ਸੈੱਲ ਨੇ ਹਵਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ।
ਪ੍ਰਧਾਨ ਮੰਤਰੀ ਵੱਲੋਂ 19 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਖੇਤੀ ਬਿੱਲਾਂ ਨੂੰ ਵਾਪਸ ਲੈਣ ਉਪਰੰਤ ਸੂਬੇ ’ਚ ਭਾਜਪਾ ਦੀ ਸਥਿਤੀ ਜ਼ਰੂਰ ਬਦਲ ਗਈ ਹੋਵੇ ਪਰ ਪ੍ਰਦੇਸ਼ ਭਾਜਪਾ ਦੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਨੂੰ ‘ਦਰਦ ਦੀ ਦਵਾਈ’ ਦੇਣਗੇ। ਭਾਜਪਾ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਰੀਬ ਦੋ ਦਹਾਕਿਆਂ ਬਾਅਦ ਪਾਰਟੀ ਆਪਣੇ ਦਮ ’ਤੇ ਪੰਜਾਬ ’ਚ ਕੋਈ ਰੈਲੀ ਕਰਨ ਜਾ ਰਹੀ ਹੈ। ਇਸ ਵਾਰ ਪਾਰਟੀ ਬਗੈਰ ਕਿਸੇ ਸਹਿਯੋਗ ਦੇ ਰੈਲੀ ਕਰਨ ਜਾ ਰਹੀ ਹੈ।
ਇਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ
ਦਿੱਲੀ, ਅੰਮ੍ਰਿਤਸਰ, ਕਟੜਾ ਐਕਸਪ੍ਰੈੱਸ ਵੇਅ, ਅੰਮ੍ਰਿਤਸਰ ਤੋਂ ਊਨਾ 4 ਮਾਰਗੀ ਸੜਕ ਦਾ ਅਪਗ੍ਰੇਡੇਸ਼ਨ ਪ੍ਰਾਜੈਕਟ, ਮੁਕੇਰੀਆਂ ਤੋਂ ਤਲਵਾੜਾ ਨਵੀਂ ਬ੍ਰਾਡਗੇਜ ਰੇਲਵੇ ਲਾਈਨ, ਫਿਰੋਜ਼ਪੁਰ ’ਚ ਪੀਜੀਆਈ ਦਾ ਸੈਟੇਲਾਈਟ ਸੈਂਟਰ, ਕਪੂਰਥਲਾ ਤੇ ਹੁਸ਼ਿਆਰਪੁਰ ’ਚ ਮੈਡੀਕਲ ਕਾਲਜ ਦਾ ਨੀਂਹ ਪੱਥਰ, ਪ੍ਰਧਾਨ ਮੰਤਰੀ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਖੁਦ ਰੱਖਣਗੇ ਬਲਕਿ ਬਾਕੀ ਪ੍ਰਾਜੈਕਟਾਂ ਦਾ ਵਰਚੁਅਲ ਨੀਂਹ ਪੱਥਰ ਰੱਖਿਆ ਜਾਵੇਗਾ। ਇਹ 42,750 ਕਰੋੜ ਰੁਪਏ ਦੇ ਪ੍ਰਾਜੈਕਟ ਹਨ।












