ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੰਡੀਗੜ੍ਹ ਦੇ ਸੈਕਟਰ-18 ਵਿੱਚ ਏਅਰ ਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਰੱਖਿਆ ਮੰਤਰੀ ਦਾ ਸਵਾਗਤ ਕੀਤਾ। ਏਅਰ ਫੋਰਸ ਹੈਰੀਟੇਜ ਸੈਂਟਰ ਦੇ ਉਦਘਾਟਨ ਮੌਕੇ ਕਈ ਫੌਜੀ ਅਤੇ ਪੁਲਸ ਅਧਿਕਾਰੀ ਵੀ ਮੌਜੂਦ ਸਨ। ਇਸ ਤੋਂ ਬਾਅਦ ਰੱਖਿਆ ਮੰਤਰੀ ਨੇ ਪੰਜਾਬ ਦੇ ਰਾਜਪਾਲ ਤੇ ਹੋਰਨਾਂ ਨਾਲ ਮਿਲ ਕੇ ਪੂਰੇ ਕੇਂਦਰ ਦਾ ਦੌਰਾ ਕੀਤਾ। ਫਿਰ ਰੱਖਿਆ ਮੰਤਰੀ ਅਤੇ ਰਾਜਪਾਲ ਬੀਐਲ ਪੁਰੋਹਿਤ ਦਾ ਕਾਫਲਾ ਏਅਰ ਫੋਰਸ ਹੈਰੀਟੇਜ ਸੈਂਟਰ ਤੋਂ ਰਵਾਨਾ ਹੋਇਆ।

ਦੱਸ ਦਈਏ ਕਿ ਇਹ ਵਿਰਾਸਤੀ ਕੇਂਦਰ 17,000 ਵਰਗ ਫੁੱਟ ਤੋਂ ਵੱਧ ਖੇਤਰ ਵਿੱਚ ਫੈਲਿਆ ਹੋਇਆ ਹੈ। ਇਹ 1965, 1971 ਦੀਆਂ ਜੰਗਾਂ ਅਤੇ ਕਾਰਗਿਲ ਯੁੱਧ ਅਤੇ ਬਾਲਾਕੋਟ ਹਵਾਈ ਹਮਲੇ ਸਮੇਤ ਵੱਖ-ਵੱਖ ਯੁੱਧਾਂ ਵਿੱਚ ਹਵਾਈ ਸੈਨਾ ਦੀ ਭੂਮਿਕਾ ਨੂੰ ਫਰੈਸਕੋ ਅਤੇ ਯਾਦਗਾਰੀ ਚਿੰਨ੍ਹਾਂ ਰਾਹੀਂ ਦਰਸਾਉਣ ਵਾਲਾ ਪਹਿਲਾ ਕੇਂਦਰ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸ਼ਹਿਰ ਵਿੱਚ ਆਮਦ ਮੌਕੇ ਏਅਰਪੋਰਟ ਲਾਈਟ ਪੁਆਇੰਟ ਤੋਂ ਲੈ ਕੇ ਸੈਕਟਰ-17/18 ਦੇ ਲਾਈਟ ਪੁਆਇੰਟ ਤੱਕ ਹਰ ਥਾਂ ਟ੍ਰੈਫਿਕ ਪੁਲੀਸ ਤੇ ਥਾਣਾ ਸਦਰ ਪੁਲੀਸ ਤੇ ਹੋਰ ਪੁਲੀਸ ਮੁਲਾਜ਼ਮ ਮੌਜੂਦ ਸਨ। ਟ੍ਰੈਫਿਕ ਪੁਲਸ ਦੇ ਨਾਲ-ਨਾਲ ਪੁਲਸ ਕੰਟਰੋਲ ਰੂਮ ਦਾ ਸਟਾਫ ਵੀ ਹਾਈ ਅਲਰਟ ‘ਤੇ ਰਿਹਾ ਤਾਂ ਜੋ ਰੱਖਿਆ ਮੰਤਰੀ ਦੇ ਰੂਟ ਦੌਰਾਨ ਕੋਈ ਗੜਬੜ ਨਾ ਹੋ ਸਕੇ।












