ਚੰਡੀਗੜ੍ਹ: ਪੰਜਾਬ ’ਚ ਜਿੱਥੇ ਇੱਕ ਪਾਸੇ ਵਿਧਾਨਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ, ਉੱਥੇ ਹੀ ਪੰਜਾਬ ਕਾਂਗਰਸ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਲੇਸ਼ ਜਾਰੀ ਹੈ। ਪੰਜਾਬ ਕਾਂਗਰਸ ਨੇ ਆਪਣੇ ਉਮੀਦਵਾਰਾਂ ਦਾ ਅਤੇ ਨਾ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਹਾਂ ਨੇ ਚੋਣਾਂ ਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਤਰਨ ਦੀ ਮੰਗ ਕੀਤੀ ਹੈ। ਜਿਸ ਨੂੰ ਲੈ ਕੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦਾ ਬਿਆਨ ਸਾਹਮਣੇ ਆਇਆ ਹੈ।
ਮਨੀਸ਼ ਤਿਵਾੜੀ ਨੇ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਦੀ ਇਕ ਅੰਗਰੇਜ਼ੀ ਅਖਬਾਰ ਵਿੱਚ ਛਪੀ ਖ਼ਬਰ ਨੂੰ ਟਵੀਟ ਕਰਦਿਆਂ ਚੰਨੀ ਅਤੇ ਸਿੱਧੂ ’ਤੇ ਤੰਜ ਕੱਸਿਆ ਹੈ।
ਮਨੀਸ਼ ਤਿਵਾੜੀ ਨੇ ਮੁਖ ਮੰਤਰੀ ਚੰਨੀ ਤੇ ਨਵਜੋਤ ਸਿੱਧੂ ਦੀ ‘ਗੰਭੀਰਤਾ’ ’ਤੇ ਸਵਾਲ ਖੜ੍ਹੇ ਕਰਦਿਆਂ ਲਿਖਿਆ, ‘ਪੰਜਾਬ ਨੂੰ ਇਕ ਅਜਿਹਾ ਮੁੱਖ ਮੰਤਰੀ ਚਾਹੀਦਾ ਹੈ ਜਿਸ ਕੋਲ ਪੰਜਾਬ ਦੀਆਂ ਚੁਣੌਤੀਆਂ ਦੇ ਹੱਲ ਹੋਣ। ਉਹ ਸਖ਼ਤ ਫ਼ੈਸਲੇ ਲੈਣ ਦੇ ਸਮਰੱਥ ਹੋਵੇ। ਪੰਜਾਬ ਨੂੰ ਗੰਭੀਰ ਲੋਕਾਂ ਦੀ ਲੋੜ ਹੈ ਜਿਨ੍ਹਾਂ ਦੀ ਰਾਜਨੀਤੀ ‘ਸੋਸ਼ਲ ਇੰਜੀਨੀਅਰਿੰਗ’, ਮਨੋਰੰਜਨ, ਲੋਕ ਲੁਭਾਉਣੇ ਵਾਅਦਿਆਂ ’ਤੇ ਅਧਾਰਿਤ ਨਾ ਹੋਵੇ ਅਤੇ ਜਿਹੜੇ ਲੋਕਾਂ ਵੱਲੋਂ ਚੋਣਾਂ ਵਿੱਚ ਵਾਰ ਵਾਰ ਨਕਾਰੇ ਗਏ ਹੋਣ ਪਰ ਸ਼ਾਸਨ ਪਸੰਦੀਦਾ ਹੋਣ।













