ਬਾਲੀਵੁੱਡ ਇੰਡਸਟਰੀ ‘ਚ ਜਿੱਥੇ ਕਈ ਸੈਲੀਬ੍ਰੇਟੀਜ਼ ਕੋਰੋਨਾ ਵਾਇਰਸ ਦੇ ਨਾਲ ਜੂਝ ਰਹੇ ਹਨ ।ਉੱਥੇ ਹੀ ਉੜੀਆ ਸਿਨੇਮਾ ਤੋਂ ਵੀ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਮਸ਼ਹੂਰ ਅਦਾਕਾਰ ਮਿਹਿਰ ਦਾਸ ਦਾ ਦਿਹਾਂਤ ਹੋ ਗਿਆ ਹੈ। ਅਭਿਨੇਤਾ ਮਿਹਿਰ ਦਾਸ ਕਿਡਨੀ ਸੰਬੰਧੀ ਬੀਮਾਰੀ ਨਾਲ ਜੂਝ ਰਹੇ ਸਨ ਅਤੇ ਡਾਇਲਸਿਸ ‘ਤੇ ਸਨ। ਹਾਲਾਂਕਿ, ਉਸਦੀ ਮੌਤ ਦਾ ਕਾਰਨ ਗੁਰਦੇ ਦੀ ਸਮੱਸਿਆ ਨਹੀਂ ਸੀ।

ਖਬਰਾਂ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਅਭਿਨੇਤਾ ਮਿਹਿਰ ਦਾਸ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦੇ ਹੋਏ, ਸੀਐਮ ਨਵੀਨ ਪਟਨਾਇਕ ਨੇ ਲਿਖਿਆ, “ਉਡੀਆ ਸਿਨੇਮਾ ਉਦਯੋਗ ਲਈ ਉਨ੍ਹਾਂ ਦਾ ਦੇਹਾਂਤ ਨਾ ਪੂਰਾ ਹੋਣ ਵਾਲਾ ਘਾਟਾ ਹੈ।” ਦਿੱਗਜ ਅਭਿਨੇਤਾ ਮਿਹਿਰ ਦਾਸ ਨੇ 1979 ‘ਚ ਫਿਲਮ ‘ਮਥੁਰਾ ਵਿਜੇ’ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰੀਅਰ ‘ਚ ਮੂ ਤਾਚੇ ਲਵ ਕਰੂਚੀ, ਲਕਸ਼ਮੀ ਪ੍ਰਤਿਮਾ ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ। ਹਾਲਾਂਕਿ ਉਹ ਕਾਫੀ ਸਮੇਂ ਤੋਂ ਇੰਡਸਟਰੀ ਤੋਂ ਦੂਰ ਸੀ।

ਮਿਹਰ ਦਾਸ ਨੂੰ ਆਖਰੀ ਵਾਰ 2018 ਦੀ ਫਿਲਮ ‘ਓਨਲੀ ਪਿਆਰ’ ‘ਚ ਦੇਖਿਆ ਗਿਆ ਸੀ। ਅਦਾਕਾਰੀ ਦੀ ਦੁਨੀਆ ਤੋਂ ਦੂਰ ਰਹਿਣ ਤੋਂ ਇਲਾਵਾ ਮਿਹਰ ਦਾਸ ਲਾਈਮਲਾਈਟ ਤੋਂ ਵੀ ਦੂਰ ਰਹੇ ਹਨ। ਉੱਘੇ ਅਦਾਕਾਰ ਮਿਹਿਰ ਦਾਸ ਨੂੰ ਵੀ ਉਨ੍ਹਾਂ ਦੀ ਅਦਾਕਾਰੀ ਲਈ ਸਨਮਾਨਿਤ ਕੀਤਾ ਗਿਆ। ਦੱਸ ਦੇਈਏ ਕਿ ਮਿਹਿਰ ਦਾਸ ਨੂੰ ਉਨ੍ਹਾਂ ਦੀ ਫਿਲਮ ‘ਲਕਸ਼ਮੀ ਪ੍ਰਤਿਮਾ’ ਲਈ ਸੂਬਾ ਸਰਕਾਰ ਵੱਲੋਂ ਸਰਵੋਤਮ ਅਦਾਕਾਰ ਦਾ ਐਵਾਰਡ ਵੀ ਦਿੱਤਾ ਗਿਆ ਸੀ। ਉੜੀਆ ਦੇ ਕਈ ਅਦਾਕਾਰਾਂ ਨੇ ਮਿਹਿਰ ਦਾਸ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ । ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਇਸ ਮਹਾਨ ਅਦਾਕਾਰ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਦੇ ਨਾਲ ਹੀ ਪੀਐੱਮ ਨੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ‘ਚ ਹੌਸਲਾ ਰੱਖਣ ਲਈ ਕਿਹਾ ।












