ਭਵਾਨੀਗੜ੍ਹ, 13 ਜਨਵਰੀ, 2022 : ਭਵਾਨੀਗੜ੍ਹ ਦੇ ਨੇੜਲੇ ਪਿੰਡ ਭੱਟੀਵਾਲ ਕਲਾਂ ‘ਚ ਬੀਤੇ ਦਿਨ 12 ਜਨਵਰੀ ਨੂੰ ਪਿੰਡ ਦੇ ਨੇੜੇ ਖੇਤਾਂ ‘ਚ ਬਣੀ ਸ਼ਹੀਦਾਂ ਦੀ ਸਮਾਧ ‘ਤੇ ਪਏ 3 ਗੁਟਕਾ ਸਾਹਿਬਾਂ ‘ਚੋਂ ਦੋ ਦੀ ਬੇਦਅਬੀ ਹੋਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ।
ਬੇਅਦਬੀ ਦੀ ਵਾਪਰੀ ਮੰਦਭਾਗੀ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਲੋਕਾਂ ਵੱਲੋਂ ਇਸਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਜਿਸ ਉਪਰੰਤ ਪੁਲਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਖਿਲਰੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਆਪਣੇ ਅਧੀਨ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਘਟਨਾ ਸਬੰਧੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਥਾਣਾ ਮੁਖੀ ਭਵਾਨੀਗੜ੍ਹ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਣ ‘ਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਗੁਟਕਾ ਸਾਹਿਬ ਨੂੰ ਆਪਣੇ ਅਧੀਨ ਕਰਕੇ ਗੁਟਕਾ ਸਾਹਿਬ ਬਿਰਦ ਹੋਣ ਕਾਰਨ ਦਮਦਮਾ ਸਾਹਿਬ ਭੇਜ ਦਿੱਤੇ ਗਏ। ਉਹਨਾਂ ਅੱਗੇ ਦੱਸਿਆ ਕੇ ਪਿੰਡ ਵਾਸੀਆਂ ਕੋਲੋਂ ਪਤਾ ਲੱਗਿਆ ਹੈ ਕੇ ਦਸਵੀਂ ਕਰਕੇ ਜਦੋਂ ਸੰਗਤ ਉੱਥੇ ਮੱਥਾ ਟੇਕਣ ਲਈ ਆਈ ਤਾਂ ਦੇਖਿਆ ਕਿ ਉੱਥੇ ਪਏ 3 ਗੁਟਕਾ ਸਾਹਿਬਾਂ ‘ਚੋਂ 1 ਗੁਟਕਾ ਸਾਹਿਬ ਦੇ ਪੱਤਰੇ ਗਾਇਬ ਸਨ ਸਿਰਫ਼ ਜਿਲਦ ਪਈ ਸੀ ਅਤੇ ਦੂਜੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਨੇੜੇ ਹੀ ਖਿਲਾਰੇ ਪਏ ਸਨ ਤੇ ਜਦੋਂਕਿ ਤੀਜੇ ਗੁਟਕਾ ਸਾਹਿਬ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਗਈ ਸੀ। ਇਸ ਤੋਂ ਇਲਾਵਾ ਸਮਾਧ ਦੇ ਗੋਲਕ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਾ ਹੋ ਸਕੇ।
ਥਾਣਾ ਮੁਖੀ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ‘ਤੇ ਪੁਲਸ ਨੇ ਕਾਰਵਾਈ ਕਰਦਿਆਂ ਮਾਮਲੇ ਸਬੰਧੀ ਧਾਰਾ 295 ਤੇ 457 ਅਧੀਨ ਪਰਚਾ ਦਰਜ ਕਰਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।












