ਚੰਡੀਗੜ੍ਹ, 19 ਜਨਵਰੀ 2022 – ਮਨੀ ਲਾਂਡਰਿੰਗ ਅਤੇ ਫਾਜ਼ਿਲਕਾ ਡਰੱਗ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਅੱਜ ਸੁਖਪਾਲ ਖਹਿਰਾ ਦੀ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਹੋਈ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਵੱਲੋਂ ਸੁਖਪਾਲ ਖਹਿਰਾ ਦੀ ਜ਼ਮਾਨਤ ‘ਤੇ ਫੈਸਲਾ ਰਾਖਵਾਂ ਰੱਖ ਲਿਆ ਗਿਆ ਹੈ।
‘ਆਪ’ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਏ ਸੁਖਪਾਲ ਖਹਿਰਾ ਨੂੰ ਮਨੀ ਲਾਂਡਰਿੰਗ ਅਤੇ ਫਾਜ਼ਿਲਕਾ ਡਰੱਗ ਮਾਮਲੇ ‘ਚ ਈਡੀ ਨੇ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਫਾਜ਼ਿਲਕਾ ਡਰੱਗ ਮਾਮਲੇ ਦੇ ਕਿੰਗਪਿਨ ਨਾਲ ਲਗਾਤਾਰ ਗੱਲਬਾਤ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਅਮਰੀਕਾ ਤੋਂ ਕਰੀਬ ਇੱਕ ਲੱਖ ਡਾਲਰ ਫੰਡ ਲਿਆਉਣ ਦਾ ਵੀ ਦੋਸ਼ ਹੈ। ਹਾਲਾਂਕਿ ਖਹਿਰਾ ਨੇ ਕਿਹਾ ਕਿ ਫਾਜ਼ਿਲਕਾ ਡਰੱਗ ਮਾਮਲੇ ‘ਚ ਉਨ੍ਹਾਂ ਦਾ ਨਾਂ ਨਹੀਂ ਹੈ। ਇਸ ਮਾਮਲੇ ‘ਤੇ ਸੁਪਰੀਮ ਕੋਰਟ ਦਾ ਸਟੇਅ ਹੈ।
ਹਾਲਾਂਕਿ ਕਾਂਗਰਸ ਦੀ ਪਹਿਲੀ ਸੂਚੀ ਵਿੱਚ ਉਨ੍ਹਾਂ ਨੂੰ ਭੁਲੱਥ ਤੋਂ ਵੀ ਟਿਕਟ ਮਿਲੀ ਹੈ। ਪਰ ਫਿਲਹਾਲ ਉਹ ਜੇਲ੍ਹ ‘ਚ ਹੋਣ ਕਾਰਨ ਪ੍ਰਚਾਰ ਨਹੀਂ ਕਰ ਪਾ ਰਹੇ ਹਨ। ਖਹਿਰਾ ਪਿਛਲੀ ਵਾਰ ਆਮ ਆਦਮੀ ਪਾਰਟੀ ਤੋਂ ਚੋਣ ਜਿੱਤੇ ਸਨ। ਕੁਝ ਸਮਾਂ ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ। ਹਾਲਾਂਕਿ, ਫਿਰ ਆਪ ਵੱਲੋਂ ਖਹਿਰਾ ਨੂੰ ਮੁਅੱਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਹ ਕੁਝ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ।












