ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 353ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਲਾਪੁਰ, ਲੁਧਿਆਣਾ ਦੇ ਰਕਬਾ ਭਵਨ ਵਿੱਚ ਪਹੁੰਚੇ। ਰਕਬਾ ਭਵਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਪੁੱਤਰ ਬਾਬਾ ਅਜੈ ਸਿੰਘ ਜੀ ਦਾ ਬੁੱਤ ਲਗਾਇਆ ਗਿਆ। ਸਮਾਗਮ ਵਿੱਚ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਿਰਧਾਰਿਤ ਸਮੇਂ ਨਾਲੋਂ 2 ਘੰਟੇ ਲੇਟ ਪੁੱਜੇ। ਇਸ ਦੇ ਬਾਵਜੂਦ ਲੁਧਿਆਣਾ ਸ਼ਹਿਰ ਦਾ ਕੋਈ ਵੀ ਆਮ ਆਦਮੀ ਪਾਰਟੀ ਦਾ ਵਿਧਾਇਕ ਸਮਾਗਮ ਵਿੱਚ ਨਜ਼ਰ ਨਹੀਂ ਆਇਆ।
ਇਸ ਦੇ ਨਾਲ ਹੀ ਮੁੱਲਾਪੁਰ ਤੋਂ ਕੁਝ ਕਿਲੋਮੀਟਰ ਦੂਰ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। ਇੰਟਰਨੈਸ਼ਨਲ ਫਾਊਂਡੇਸ਼ਨ ਦੇ ਪ੍ਰਧਾਨ ਕੇਕੇ ਬਾਵਾ ਸੀਨੀਅਰ ਕਾਂਗਰਸੀ ਆਗੂ ਹਨ। ਜਿਨ੍ਹਾਂ ਦੀ ਅਗਵਾਈ ਹੇਠ ਇਹ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਿਰਫ਼ ਸਾਬਕਾ ਕਾਂਗਰਸੀ ਮੰਤਰੀ ਮਲਕੀਤ ਸਿੰਘ ਦਾਖਾ ਹੀ ਨਜ਼ਰ ਆਏ। ਇਸ ਮੌਕੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਾਨੂੰ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ |
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਸ੍ਰੀ ਗੁਰੂ ਗੋਬਿੰਦ ਜੀ ਤੋਂ ਅੰਮ੍ਰਿਤ ਛਕ ਕੇ ਲਿਆ। ਅੱਜ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸਪੁੱਤਰ ਬਾਬਾ ਅਜੈ ਸਿੰਘ ਦਾ ਬੁੱਤ ਲਗਾਇਆ ਜਾ ਰਿਹਾ ਹੈ। ਜਦੋਂ ਕਿ ਕੇ.ਕੇ. ਬਾਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਜੀ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਸੀ। ਮੁੱਲਾਪੁਰ ‘ਚ ਅੱਜ ਦੁਨੀਆ ਦਾ ਪਹਿਲਾ ਬੁੱਤ ਲਗਾਇਆ ਗਿਆ ਹੈ। ਕੇਕੇ ਬਾਵਾ ਨੇ ਮੰਗ ਕੀਤੀ ਕਿ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ’ਤੇ ਰੱਖਿਆ ਜਾਵੇ। ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਖੇਤਬਾੜੀ ਯੂਨੀਵਰਸਿਟੀ ਰੱਖਿਆ ਜਾਵੇ ਤਾਂ ਬਿਹਤਰ ਹੋਵੇਗਾ।ਬਾਵਾ ਨੇ ਕਿਹਾ ਕਿ 2003 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ 16 ਅਕਤੂਬਰ ਨੂੰ ਸਰਕਾਰੀ ਛੁੱਟੀ ਐਲਾਨੀ ਸੀ ਪਰ ਫਿਰ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਸਰਕਾਰ 16 ਅਕਤੂਬਰ ਨੂੰ ਸਰਕਾਰੀ ਛੁੱਟੀ ਐਲਾਨ ਕਰੇ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਡਾਕ ਟਿਕਟ ਜਾਰੀ ਕੀਤੀ ਜਾਵੇ।












