ਤੇਲੰਗਾਨਾ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। 119 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। 2290 ਉਮੀਦਵਾਰ ਚੋਣ ਮੈਦਾਨ ਚ ਹਨ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਪੂਰੇ ਸੂਬੇ ਦੇ ਲੋਕ ਵੱਡੀ ਗਿਣਤੀ ‘ਚ ਵੋਟਾਂ ਪਾਉਣ ਲਈ ਆ ਰਹੇ ਹਨ। ਅਜਿਹੇ ‘ਚ ਟਾਲੀਵੁੱਡ ਸਿਤਾਰੇ ਵੀ ਪਿੱਛੇ ਨਹੀਂ ਹਨ। ਇਸ ਲਿਸਟ ‘ਚ ਕਈ ਵੱਡੇ ਮਸ਼ਹੂਰ ਸਿਤਾਰੇ ਵੀ ਸ਼ਾਮਲ ਹਨ। ਇਨ੍ਹਾਂ ਸਿਤਾਰਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ।
ਟਾਲੀਵੁੱਡ ਮੈਗਾਸਟਾਰ ਚਿਰੰਜੀਵੀ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ। ਚਿਰੰਜੀਵੀ ਨੂੰ ਆਪਣੀ ਪਤਨੀ ਸੁਰੇਖਾ ਅਤੇ ਛੋਟੀ ਬੇਟੀ ਸ਼੍ਰੀਸ਼ਾ ਨਾਲ ਦੇਖਿਆ ਗਿਆ। ਚਿਰੰਜੀਵੀ ਨੇ ਲਾਈਨ ਵਿੱਚ ਖੜ੍ਹੇ ਹੋ ਕੇ ਆਪਣੀ ਵੋਟ ਪਾਈ।
ਇਸ ਤੋਂ ਇਲਾਵਾ ‘ਪੁਸ਼ਪਾ’ ਫੇਮ ਨੈਸ਼ਨਲ ਅਵਾਰਡ ਵਿਜੇਤਾ ਅਤੇ ਅਭਿਨੇਤਾ ਅੱਲੂ ਅਰਜੁਨ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਹੈਦਰਾਬਾਦ ਦੇ ਜੁਬਲੀ ਹਿਲਜ਼ ਖੇਤਰ ਵਿੱਚ ਵੋਟ ਪਾਉਣ ਪਹੁੰਚੇ। ਆਮ ਲੋਕਾਂ ਦੀ ਤਰ੍ਹਾਂ ਅੱਲੂ ਅਰਜੁਨ ਵੀ ਕਤਾਰ ‘ਚ ਖੜ੍ਹੇ ਨਜ਼ਰ ਆਏ। ਇਸ ਦੌਰਾਨ ਉਸ ਨੂੰ ਆਸ-ਪਾਸ ਖੜ੍ਹੇ ਲੋਕਾਂ ਨਾਲ ਗੱਲ ਕਰਦੇ ਵੀ ਦੇਖਿਆ ਗਿਆ।ਅਭਿਨੇਤਾ ਅਲੁਅਰਜੁਨ ਨੇ ਹੈਦਰਾਬਾਦ ਵਿੱਚ ਆਪਣੀ ਵੋਟ ਪਾਉਣ ਤੋਂ ਬਾਅਦ ਕਿਹਾ ਕਿ “ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਅਤੇ ਆਪਣੀ ਵੋਟ ਜ਼ਿੰਮੇਵਾਰੀ ਨਾਲ ਪਾਓ। “
ਇਸ ਦੇ ਨਾਲ ਹੀ ‘ਆਰਆਰਆਰ’ ਫੇਮ ਜੂਨੀਅਰ ਐਨਟੀਆਰ ਵੀ ਆਪਣੀ ਵੋਟ ਦਾ ਇਸਤੇਮਾਲ ਕਰਨ ਪਹੁੰਚੇ। ਜੂਨੀਅਰ ਐਨਟੀਆਰ ਨਾਲ ਉਨ੍ਹਾਂ ਦੀ ਪਤਨੀ ਅਤੇ ਮਾਂ ਵੀ ਨਜ਼ਰ ਆਈਆਂ। ਤਿੰਨੋਂ ਪੋਲਿੰਗ ਸਟੇਸ਼ਨ ‘ਤੇ ਪਹੁੰਚੇ ਅਤੇ ਆਪਣੀ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਲਾਈਨ ‘ਚ ਖੜ੍ਹੇ ਦਿਖਾਈ ਦਿੱਤੇ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।












