ਜਲੰਧਰ ਦੇ ਇੱਕ ਹੋਟਲ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕ ਐਨਆਰਆਈ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਨੌਜਵਾਨ ਜ਼ਖ਼ਮੀ ਹੋ ਗਿਆ। ਇਹ ਘਟਨਾ ਰਾਮਾਮੰਡੀ ਦੇ ਨਾਲ ਲੱਗਦੇ ਤੱਲ੍ਹਣ ਰੋਡ ‘ਤੇ ਸਥਿਤ ਢਿੱਲੋਂ ਰਿਜ਼ੋਰਟ ‘ਚ ਵਾਪਰੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਕ ਢਿੱਲੋਂ ਰਿਜ਼ੋਰਟ ‘ਚ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਰਿਸ਼ਤੇਦਾਰਾਂ ਵਿਚ ਝਗੜਾ ਹੋ ਗਿਆ। ਪਹਿਲਾਂ ਦੋਵਾਂ ਧਿਰਾਂ ਵਿਚਾਲੇ ਤਕਰਾਰ ਅਤੇ ਹੱਥੋਪਾਈ ਹੋ ਗਈ । ਇਸ ਦੌਰਾਨ ਗੁੱਸੇ ਵਿੱਚ ਆਏ ਮੁਲਜ਼ਮਾਂ ਨੇ ਆਪਣਾ ਹਥਿਆਰ ਕੱਢ ਕੇ ਐਨਆਰਆਈ ’ਤੇ ਗੋਲੀ ਚਲਾ ਦਿੱਤੀ। ਮ੍ਰਿਤਕ ਨੂੰ ਦੋ ਗੋਲੀਆਂ ਲੱਗੀਆਂ, ਇੱਕ ਸਿਰ ਦੇ ਕੋਲ ਅਤੇ ਦੂਜੀ ਛਾਤੀ ਵਿੱਚ। ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਾਸੀ ਪ੍ਰੋਫੈਸਰ ਕਲੋਨੀ ਰਾਮਾਮੰਡੀ ਵਜੋਂ ਹੋਈ ਹੈ। ਉਸੇ ਸਮੇਂ ਜਦੋਂ ਇੱਕ ਹੋਰ ਨੌਜਵਾਨ ਦਖਲ ਦੇਣ ਆਇਆ ਤਾਂ ਵਿਅਕਤੀ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ। ਫਾਇਰਿੰਗ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਦੋਵਾਂ ਨੌਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਜ਼ਖ਼ਮੀ ਨੌਜਵਾਨ ਦਾ ਜੌਹਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਰਾਮਾਮੰਡੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮੌਕੇ ਤੋਂ ਖੋਲ ਬਰਾਮਦ ਕੀਤੇ ਹਨ। ਰਿਜ਼ੋਰਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਤਲ ਅਤੇ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












