ਸੰਯੁਕਤ ਕਿਸਾਨ ਮੋਰਚਾ (SKM) ਅਤੇ ਕਿਸਾਨ ਮਜ਼ਦੂਰ ਮੋਰਚਾ ਸਮੇਤ 26 ਕਿਸਾਨ ਜਥੇਬੰਦੀਆਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨਗੀਆਂ। ਪੰਜਾਬ ਦੇ ਕਿਸਾਨ ਦਿੱਲੀ ਜਾਣ ਲਈ 10 ਹਜ਼ਾਰ ਟਰੈਕਟਰ ਟਰਾਲੀਆਂ ‘ਤੇ ਹਰਿਆਣਾ ‘ਚ ਦਾਖਲ ਹੋਣਗੇ। ਇਸ ਲਈ ਸ਼ੰਭੂ ਬਾਰਡਰ, ਡੱਬਵਾਲੀ ਅਤੇ ਖਨੌਰੀ ਬਾਰਡਰ ਦੀ ਚੋਣ ਕੀਤੀ ਗਈ ਹੈ। ਇਸਦੇ ਮੱਦੇਨਜ਼ਰ ਹਰਿਆਣਾ ਵਿੱਚ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ ਹਨ। ਪੁਲਿਸ ਆਗੂਆਂ ਨੂੰ ਨਜ਼ਰਬੰਦ ਕਰਨ ਲਈ ਉਨ੍ਹਾਂ ਦੇ ਘਰਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਰਸਤੇ ਦਿੱਲੀ ਜਾਣ ਤੋਂ ਰੋਕਣ ਲਈ ਅੰਬਾਲਾ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਦੀ ਸ਼ੰਭੂ ਸਰਹੱਦ ਨੂੰ ਸੀਮਿੰਟ ਦੇ ਬੈਰੀਕੇਡ ਲਗਾ ਕੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਘੱਗਰ ਦਰਿਆ ’ਤੇ ਬਣੇ ਪੁਲ ਨੂੰ ਵੀ ਬੰਦ ਕਰ ਦਿੱਤਾ ਹੈ। ਇਸ ਦੇ ਅੰਦਰ ਖੁਦਾਈ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨ ਟਰੈਕਟਰਾਂ ਨਾਲ ਇਸ ਵਿੱਚੋਂ ਲੰਘ ਨਾ ਸਕਣ। ਪੰਜਾਬ ਦੇ ਪਟਿਆਲਾ ਤੋਂ ਅੰਬਾਲਾ ਨੂੰ ਜਾਣ ਵਾਲੀ ਸੜਕ ਦਾ ਰੂਟ ਮੋੜ ਦਿੱਤਾ ਗਿਆ ਹੈ। ਪਟਿਆਲਾ ਦੇ ਡੀਸੀ ਸ਼ੌਕਤ ਅਹਿਮਦ ਨੇ ਦੱਸਿਆ ਕਿ ਅੰਬਾਲਾ ਤੋਂ ਦਿੱਲੀ ਜਾਣ ਲਈ 4 ਰੂਟ ਤੈਅ ਕੀਤੇ ਗਏ ਹਨ।
ਪਹਿਲਾ ਸ਼ੰਭੂ, ਰਾਜਪੁਰਾ, ਬਨੂੜ ਏਅਰਪੋਰਟ ਰੋਡ, ਡੇਰਾਬਸੀ, ਅੰਬਾਲਾ, ਦਿੱਲੀ ਹੈ। ਦੂਜੇ ਨੰਬਰ ‘ਤੇ ਦਿੱਲੀ ਤੋਂ ਸ਼ੰਭੂ, ਰਾਜਪੁਰਾ, ਬਨੂੜ, ਪੰਚਕੂਲਾ, ਨਾਡਾ ਸਾਹਿਬ, ਬਰਵਾਲਾ, ਸ਼ਹਿਜ਼ਾਦਪੁਰ, ਸਾਹਾ, ਸ਼ਾਹਬਾਦ ਹੈ। ਤੀਜੇ ਨੰਬਰ ‘ਤੇ ਦਿੱਲੀ ਤੋਂ ਰਾਜਪੁਰਾ, ਪਟਿਆਲਾ, ਪਿਹੋਵਾ, ਕੁਰੂਕਸ਼ੇਤਰ ਹੈ। ਚੌਥਾ ਰਸਤਾ ਰਾਜਪੁਰਾ, ਪਟਿਆਲਾ, ਪਿਹੋਵਾ ਤੋਂ 152D ਐਕਸਪ੍ਰੈਸਵੇਅ ਰਾਹੀਂ ਰੋਹਤਕ ਤੋਂ ਦਿੱਲੀ ਤੱਕ ਪਹੁੰਚਿਆ ਜਾ ਸਕਦਾ ਹੈ।ਸੋਨੀਪਤ, ਝੱਜਰ, ਪੰਚਕੂਲਾ ਤੋਂ ਬਾਅਦ ਕੈਥਲ ‘ਚ ਵੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਚੰਡੀਗੜ੍ਹ ਤੋਂ ਪੰਜਾਬ ਦੇ ਕਿਸਾਨ ਵੀ ਦਿੱਲੀ ਜਾਣ ਲਈ ਪੰਚਕੂਲਾ ਰਾਹੀਂ ਹਰਿਆਣਾ ਵਿੱਚ ਦਾਖਲ ਹੋ ਸਕਦੇ ਹਨ। ਕਿਸਾਨਾਂ ਨੂੰ ਰੋਕਣ ਲਈ ਸੂਬੇ ਵਿੱਚ 150 ਦੇ ਕਰੀਬ ਨਾਕੇ ਲਾਏ ਗਏ ਹਨ। ਹਰਿਆਣਾ ਪੁਲਿਸ ਅਨੁਸਾਰ ਨੈਸ਼ਨਲ ਹਾਈਵੇ-44 ‘ਤੇ ਆਵਾਜਾਈ ‘ਚ ਵਿਘਨ ਪੈਣ ਕਾਰਨ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਡੇਰਾਬੱਸੀ, ਬਰਵਾਲਾ/ਰਾਮਗੜ੍ਹ, ਸਾਹਾ, ਸ਼ਾਹਬਾਦ, ਕੁਰੂਕਸ਼ੇਤਰ ਜਾਂ ਪੰਚਕੂਲਾ, ਐਨ.ਐਚ-344 ਯਮੁਨਾਨਗਰ ਇੰਦਰੀ/ਪਿਪਲੀ ਰਾਹੀਂ ਦਿੱਲੀ ਜਾਣਾ ਪਵੇਗਾ।
ਇਸੇ ਤਰ੍ਹਾਂ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀ ਕਰਨਾਲ, ਇੰਦਰੀ/ਪਿਪਲੀ, ਯਮੁਨਾਨਗਰ, ਪੰਚਕੂਲਾ ਜਾਂ ਕੁਰੂਕਸ਼ੇਤਰ, ਸ਼ਾਹਬਾਦ, ਸਾਹਾ, ਬਰਵਾਲਾ, ਰਾਮਗੜ੍ਹ ਰਾਹੀਂ ਆਪਣੀ ਮੰਜ਼ਿਲ ‘ਤੇ ਪਹੁੰਚ ਸਕਦੇ ਹਨ।












