ਖੰਨਾ ਦੇ ਦੋਰਾਹਾ ‘ਚ ਨਹਿਰ ਦੇ ਪੁਲ ਰੌਲ ਨੇੜੇ ਨਿਰਮਾਣ ਅਧੀਨ ਇਕ ਫੈਕਟਰੀ ‘ਚ ਹਾਦਸਾ ਵਾਪਰਿਆ। ਫੈਕਟਰੀ ਦਾ ਗੇਟ ਤਿੰਨ ਮਜ਼ਦੂਰਾਂ ’ਤੇ ਡਿੱਗ ਪਿਆ। ਜਿਸ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਤੀਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੁਰੇਸ਼ ਕੁਮਾਰ ਮਹਾਵਰ (32) ਵਾਸੀ ਅੰਬਾਦੀ ਜ਼ਿਲ੍ਹਾ ਦੌਸਾ (ਰਾਜਸਥਾਨ) ਅਤੇ ਵਿਨੋਦ ਸ਼ੋਰ (19) ਵਾਸੀ ਖਰਿਆਣੀ ਜ਼ਿਲ੍ਹਾ ਛਤਰਪੁਰ (ਯੂਪੀ) ਵਜੋਂ ਹੋਈ ਹੈ। ਪੁਲਿਸ ਨੇ ਇਸ ਹਾਦਸੇ ਸਬੰਧੀ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।
ਜਾਣਕਾਰੀ ਦਿੰਦਿਆਂ ਐਸ.ਐਚ.ਓ ਦੋਰਾਹਾ ਰੋਹਿਤ ਸ਼ਰਮਾ ਨੇ ਦੱਸਿਆ ਕਿ ਨਹਿਰ ਪੁਲ ਰੌਲ ਨੇੜੇ ਮੈਨਸ਼ਨਜ਼ ਸਸਪੈਂਸ਼ਨ ਐਲਐਲਪੀ ਫੈਕਟਰੀ ਦੀ ਉਸਾਰੀ ਚੱਲ ਰਹੀ ਹੈ। ਇਸ ਫੈਕਟਰੀ ਵਿੱਚ ਸੁਰੇਸ਼ ਕੁਮਾਰ, ਵਿਨੋਦ ਸ਼ੋਰ ਅਤੇ ਚੰਦਰਪਾਲ ਕੰਮ ਕਰਦੇ ਸਨ। ਤਿੰਨੋਂ ਫੈਕਟਰੀ ਦੇ ਗੇਟ ਦੀ ਸਫਾਈ ਕਰ ਰਹੇ ਸਨ। ਇਹ ਗੇਟ ਇੱਕ ਸਲਾਈਡ ਸੀ। ਇਸ ਦੌਰਾਨ ਲੋਹੇ ਦਾ ਗੇਟ ਸਲਾਈਡ ਤੋਂ ਬਾਹਰ ਆ ਕੇ ਤਿੰਨ ਮਜ਼ਦੂਰਾਂ ‘ਤੇ ਆ ਡਿੱਗਿਆ। ਜਿਸ ਕਾਰਨ ਸੁਰੇਸ਼ ਅਤੇ ਵਿਨੋਦ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਐਸਐਚਓ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਇਲ ਦੇ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਕੋਲ ਦੋ ਮਜ਼ਦੂਰਾਂ ਦੀਆਂ ਲਾਸ਼ਾਂ ਪੁੱਜੀਆਂ ਹਨ। ਜਿਸ ਤੋਂ ਬਾਅਦ ਪੁਲਸ ਨੂੰ ਹਾਦਸੇ ਦਾ ਪਤਾ ਲੱਗਾ। ਸੁਰੇਸ਼ ਕੁਮਾਰ ਮਹਾਵਰ ਆਪਣੇ ਪਿੱਛੇ ਪਤਨੀ ਅਤੇ 6 ਸਾਲ ਦਾ ਮਾਸੂਮ ਪੁੱਤਰ ਛੱਡ ਗਿਆ ਹੈ। ਸੁਰੇਸ਼ ਇਕ ਮਹੀਨਾ ਪਹਿਲਾਂ ਹੀ ਰਾਜਸਥਾਨ ਤੋਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਪੰਜਾਬ ਆਇਆ ਸੀ। ਪੁਲੀਸ ਨੇ ਸੁਰੇਸ਼ ਦੇ ਪਿਤਾ ਕਾਲੂ ਰਾਮ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਜਿਸ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ।












