ਅਦਾਕਾਰਾ ਰਵੀਨਾ ਟੰਡਨ ਦੇ ਪਿਤਾ ਅਤੇ ਫਿਲਮ ਨਿਰਦੇਸ਼ਕ ਰਵੀ ਟੰਡਨ ਦਾ ਦੇਹਾਂਤ ਹੋ ਗਿਆ ਹੈ। ਇਸ ਦੀ ਖਬਰ ਦੀ ਜਾਣਕਾਰੀ ਖੁਦ ਰਵੀਨਾ ਟੰਡਨ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਰਵੀ ਟੰਡਨ 87 ਸਾਲ ਦੇ ਸਨ। ਰਵੀਨਾ ਨੇ ਤਸਵੀਰਾਂ ਸ਼ੇਅਰ ਕਰਕੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਕਦੇ ਵੀ ਉਨ੍ਹਾਂ ਦਾ ਸਾਥ ਨਹੀਂ ਛੱਡੇਗੀ। ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਰਵੀ ਟੰਡਨ ਦਾ ਦੇਹਾਂਤ ਕਿਸ ਤਰਾਂ ਹੋਇਆ ਹੈ।
‘ਲਵ ਇਨ ਸ਼ਿਮਲਾ’ ਅਤੇ ‘ਯੇ ਰਾਸਤੇ ਹੈਂ ਪਿਆਰ ਕੇ’ ਫਿਲਮਾਂ ‘ਚ ਫਿਲਮ ਨਿਰਦੇਸ਼ਨ ਦੀਆਂ ਬਾਰੀਕੀਆਂ ਸਿੱਖਣ ਤੋਂ ਬਾਅਦ ਰਵੀ ਟੰਡਨ ਨੇ ਬਤੌਰ ਨਿਰਦੇਸ਼ਕ ਪਹਿਲੀ ਫਿਲਮ ‘ਅਨਹੋਣੀ’ ਕੀਤੀ। ਇਸ ਫਿਲਮ ‘ਚ ਸੰਜੀਵ ਕੁਮਾਰ ਦੀ ਅਦਾਕਾਰੀ ਦੀ ਅੱਜ ਵੀ ਤਾਰੀਫ ਹੋ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਰਿਸ਼ੀ ਕਪੂਰ ਨਾਲ ਫਿਲਮ ‘ਖੇਲ ਖੇਲ ਮੇਂ’ ਬਣਾਈ, ਇਸ ਦੇ ਰੀਮੇਕ ਵਜੋਂ ਅਕਸ਼ੇ ਕੁਮਾਰ ਦੀ ਫਿਲਮ ‘ਖਿਲਾੜੀ’ ਬਣੀ।
ਦੱਸਿਆ ਜਾ ਰਿਹਾ ਹੈ ਕਿ ਸ਼ਾਮ 4.30 ਵਜੇ ਰਵੀ ਟੰਡਨ ਦੀ ਮ੍ਰਿਤਕ ਦੇਹ ਦਾ ਸੰਤਾ ਕਰੂਜ਼ ਸਥਿਤ ਸ਼ਮਸ਼ਾਨਘਾਟ ਵਿਖੇ ਪੂਰੇ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਵੀਨਾ ਟੰਡਨ ਦੇ ਪਿਤਾ 70 ਅਤੇ 80 ਦੇ ਦਹਾਕੇ ‘ਚ ਕਈ ਹਿੱਟ ਫਿਲਮਾਂ ਦੇ ਨਿਰਦੇਸ਼ਕ ਰਹਿ ਚੁੱਕੇ ਹਨ।












