ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਦੇ ਪਿੰਡ ਬਿਗੜਵਾਲ ਤੋਂ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਪੰਜਾਬ ਦੇ ਪਿੰਡਾਂ ‘ਚ ਕੁੱਲ 3 ਲੱਖ ਸੋਲਰ ਲਾਈਟਾਂ ਲੱਗਣਗੀਆਂ। ਇਸ ਪ੍ਰਾਜੈਕਟ ‘ਤੇ ਕੁਲ 380 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।
ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹੁਣ ਤੱਕ ਲਗਭਗ 50 ਹਜ਼ਾਰ ਸੋਲਰ ਲਾਈਟਾਂ ਦਾ ਆਦੇਸ਼ ਦਿੱਤਾ ਜਾ ਚੁੱਕਾ ਹੈ, ਜਦਕਿ 4,800 ਲਾਈਟਾਂ ਲਗਾਈਆਂ ਵੀ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਛੇਤੀ ਹੀ ਹੋਰ 10 ਹਜ਼ਾਰ ਸੋਲਰ ਲਾਈਟਾਂ ਲਗਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਮੁੱਚੇ ਪ੍ਰਾਜੈਕਟ ਉੱਤੇ ਪੰਜਾਬ ਸਰਕਾਰ ਵੱਲੋਂ 380 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਪਹਿਲਾਂ ਪਿੰਡਾਂ ਵਿੱਚ ਲਾਈਟਾਂ ਲਗਵਾਉਣ ਦਾ ਸਾਰਾ ਖ਼ਰਚਾ ਗ੍ਰਾਮ ਪੰਚਾਇਤਾਂ ਨੂੰ ਆਪਣੇ ਪੱਧਰ ’ਤੇ ਕਰਨਾ ਪੈਂਦਾ ਸੀ, ਪਰ ਹੁਣ ਸਰਕਾਰ ਨੇ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਕੁੱਲ ਖ਼ਰਚੇ ਦਾ 70 ਫ਼ੀਸਦੀ ਹਿੱਸਾ ਪੰਜਾਬ ਸਰਕਾਰ ਦੇਵੇਗੀ, ਜਦਕਿ ਬਾਕੀ 30 ਫ਼ੀਸਦੀ ਰਕਮ ਪੰਚਾਇਤਾਂ ਨੂੰ ਦੇਣੀ ਪਵੇਗੀ।












