ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ ਜਾਣ ਵਾਲੇ ‘ਵੀਰ ਬਾਲ ਦਿਵਸ’ ਪ੍ਰਤੀ ਢੁੱਕਵੀਂ ਜਾਗਰੂਕਤਾ ਅਤੇ ਵਿੱਦਿਅਕ ਗਤੀਵਿਧੀਆਂ ਦੀ ਘਾਟ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਤੋਂ ਦੋ ਹਫ਼ਤਿਆਂ ਦੇ ਅੰਦਰ ਵਿਸਥਾਰਤ ਐਕਸ਼ਨ ਟੇਕਨ ਰਿਪੋਰਟ ਤਲਬ ਕੀਤੀ ਹੈ।
ਸ਼ਿਕਾਇਤ ਵਿੱਚ ਚੁੱਕੇ ਗਏ ਅਹਿਮ ਮੁੱਦੇ
ਇਹ ਸ਼ਿਕਾਇਤ ‘ਸੇਵਾ ਨਿਆਂ ਉਥਾਨ ਫਾਊਂਡੇਸ਼ਨ’ ਦੇ ਸੰਜੀਵ ਨੇਵਰ ਵੱਲੋਂ ਦਾਇਰ ਕੀਤੀ ਗਈ ਹੈ, ਜਿਸ ਵਿੱਚ ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਦਸੰਬਰ ਨੂੰ ਐਲਾਨੇ ਗਏ ਵੀਰ ਬਾਲ ਦਿਵਸ ਪ੍ਰਤੀ ਉਦਾਸੀਨਤਾ ‘ਤੇ ਚਿੰਤਾ ਪ੍ਰਗਟਾਈ ਗਈ ਹੈ। ਸ਼ਿਕਾਇਤਕਰਤਾ ਨੇ 14 ਨਵੰਬਰ ਨੂੰ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਮਨਾਏ ਜਾਂਦੇ ਬਾਲ ਦਿਵਸ ਨਾਲ ਤੁਲਨਾ ਕਰਦਿਆਂ ਆਪਣਾ ਪੱਖ ਰੱਖਿਆ। ਸ਼ਿਕਾਇਤ ਮੁਤਾਬਕ, “ਦੇਸ਼ ਭਰ ਦੇ ਸਕੂਲਾਂ ਵਿੱਚ 14 ਨਵੰਬਰ ਨੂੰ ਬਾਲ ਦਿਵਸ ਵਜੋਂ ਵੱਡੇ ਪੱਧਰ ‘ਤੇ ਜਸ਼ਨ ਮਨਾਏ ਜਾਂਦੇ ਹਨ, ਪਰ ਵੀਰ ਬਾਲ ਦਿਵਸ ਅਤੇ ਸਾਹਿਬਜ਼ਾਦਿਆਂ ਦੀ ਅਸਾਧਾਰਨ ਬਹਾਦਰੀ, ਕੁਰਬਾਨੀ ਅਤੇ ਇਤਿਹਾਸਕ ਮਹੱਤਤਾ ਸਬੰਧੀ ਢੁੱਕਵੀਂ ਜਾਗਰੂਕਤਾ ਅਤੇ ਵਿੱਦਿਅਕ ਗਤੀਵਿਧੀਆਂ ਨੂੰ ਬਣਦਾ ਧਿਆਨ ਨਹੀਂ ਮਿਲਿਆ ਹੈ।”ਸ਼ਿਕਾਇਤ ਵਿੱਚ ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਕਿ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਮਹਾਨ ਕੁਰਬਾਨੀਆਂ ਅਤੇ ਉਨ੍ਹਾਂ ਇਤਿਹਾਸਕ ਹਾਲਾਤਾਂ ਬਾਰੇ ਸਾਰਥਕ ਢੰਗ ਨਾਲ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ, ਜਿਨ੍ਹਾਂ ਵਿੱਚ ਉਨ੍ਹਾਂ ਨੇ ਅਦੁੱਤੀ ਸਾਹਸ ਦਾ ਪ੍ਰਗਟਾਵਾ ਕੀਤਾ ਸੀ। ਸ਼ਿਕਾਇਤਕਰਤਾ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਵਿੱਚ ਬਹਾਦਰੀ ਅਤੇ ਕੁਰਬਾਨੀ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨ ਲਈ ਠੋਸ ਉਪਰਾਲੇ ਕੀਤੇ ਜਾਣ।












