ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ ਅਦਾਲਤ ਦੀ ਦੂਜੀ ਪੇਸ਼ੀ ਮੌਕੇ ਬਦਲਿਆ ਦਿਖਾਈ ਦਿੱਤਾ। ਲੰਘੇ ਕੱਲ੍ਹ ਜਦੋਂ ਉਸ ਨੂੰ ਵਿਜੀਲੈਂਸ ਅਧਿਕਾਰੀ ਮੋਗਾ ਅਦਾਲਤ ਵਿੱਚ ਪੇਸ਼ੀ ਲਈ ਲੈ ਕੇ ਆਏ ਤਾਂ ਉਸ ਨਾਲ ਇੱਕ ਦੋਸ਼ੀ ਵਾਲਾ ਵਿਹਾਰ ਨਜ਼ਰੀਂ ਪਿਆ। ਇੰਸਪੈਕਟਰ ਸੁਨੀਤਾ ਰਾਣੀ ਦਾ ਚਿਹਰਾ ਢੱਕਿਆ ਹੋਇਆ ਸੀ ਅਤੇ ਉਸ ਨੂੰ ਇੱਕ ਮੁਜਰਮ ਵਾਂਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਦਿਲਚਸਪ ਗੱਲ ਇਹ ਰਹੀ ਕਿ ਵਿਜੀਲੈਂਸ ਵਾਲੇ ਉਸ ਨੂੰ ਮੀਡੀਆ ਤੋਂ ਬਚਾਉਂਦੇ ਨਜ਼ਰ ਆਏ। ਪੱਤਰਕਾਰਾਂ ਤੋਂ ਬਚਾਅ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਵੀ ਪੂਰਾ ਇੱਕ ਘੰਟਾ ਅਦਾਲਤ ਦੇ ਕਮਰੇ ਵਿੱਚ ਬਿਠਾਈ ਰੱਖਿਆ ਗਿਆ। ਜਦੋਂ ਤੇਜ਼ੀ ਨਾਲ ਅਧਿਕਾਰੀ ਉਸ ਨੂੰ ਗੱਡੀ ਵੱਲ ਲੈ ਕੇ ਆਏ ਤਾਂ ਪੱਤਰਕਾਰਾਂ ਨੇ ਉਸ ਉੱਪਰ ਸਵਾਲਾਂ ਦੀ ਬਰਸਾਤ ਕਰ ਦਿੱਤੀ। ਉਸ ਨੂੰ ਵਾਰ-ਵਾਰ ‘ਆਲ ਇਜ਼ ਵੈੱਲ’ ਬਾਰੇ ਪੁੱਛਿਆ ਗਿਆ, ਲੇਕਿਨ ਮਹਿਲਾ ਇੰਸਪੈਕਟਰ ਨੇ ਕੋਈ ਜਵਾਬ ਨਾ ਦਿੱਤਾ।
ਦੱਸਣਯੋਗ ਹੈ ਕਿ ਪਹਿਲੀ ਪੇਸ਼ੀ ਮੌਕੇ ਉਸ ਦੇ ਮਿਜ਼ਾਜ ਅਤੇ ਬੋਲਾਂ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਵੀਡੀਓਜ਼ ਵਾਇਰਲ ਹੋਈਆਂ ਸਨ ਅਤੇ ਇਸ ਉੱਤੇ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਸੀ। ਇਸ ਸਭ ਦੇ ਚੱਲਦਿਆਂ ਦੂਜੀ ਪੇਸ਼ੀ ਮੌਕੇ ਵਿਜੀਲੈਂਸ ਵੱਲੋਂ ਪੂਰੀ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਇਆ ਗਿਆ। ਜਾਣਕਾਰੀ ਮੁਤਾਬਕ ਹੁਣ ਵਿਜੀਲੈਂਸ ਬਿਊਰੋ ਉਸ ਦੀ ਸਮੁੱਚੀ ਪੁਲੀਸ ਸੇਵਾ ਦਾ ਮੁਲਾਂਕਣ ਕਰਨ ਵਿੱਚ ਲੱਗੀ ਹੋਈ ਹੈ।












