ਗੁਰਦਾਸਪੁਰ ‘ਚ ਇੱਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਨੂੰ ਰਸਤੇ ਤੋਂ ਹਟਾਉਣ ਲਈ ਉਸ ਦਾ ਕਤਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। 19 ਸਾਲਾ ਨੌਜਵਾਨ ਤਜਿੰਦਰ ਸਿੰਘ ਦਾ 18 ਸਾਲਾ ਲੜਕੀ ਸੁਖਮਨ ਕੌਰ ਨਾਲ ਪ੍ਰੇਮ ਸਬੰਧ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਉਸ ਨੂੰ ਛੱਡਣਾ ਚਾਹੁੰਦੀ ਸੀ, ਜਿਸ ਨੂੰ ਲੈ ਕੇ ਦੋਵਾਂ ਵਿਚਕਾਰ ਕਾਫ਼ੀ ਬਹਿਸ ਵੀ ਹੋਈ ਸੀ ਤੇ ਦੋਵਾਂ ਨੇ ਇੱਕ-ਦੂਜੇ ਨੂੰ ਦਿੱਤੇ ਗਿਫ਼ਟ ਵੀ ਵਾਪਸ ਕਰ ਦਿੱਤੇ ਸਨ। ਪਰਿਵਾਰ ਦਾ ਇਲਜ਼ਾਮ ਹੈ ਕਿ ਲੜਕੀ ਨੇ ਆਪਣੇ ਦੋਸਤਾਂ ਰਾਹੀਂ ਤਜਿੰਦਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿਵਾਈ ਸੀ।
18 ਸਤੰਬਰ ਨੂੰ ਗੁਰਦਾਸਪੁਰ ਦੇ ਪਿੰਡ ਭੂਸਾਂ ‘ਚ ਨੌਜਵਾਨ ਤਜਿੰਦਰ ਸਿੰਘ, ਉਮਰ 19 ਸਾਲ, ਸੜਕ ਕਿਨਾਰੇ ਜ਼ਖ਼ਮੀ ਹਾਲਤ ‘ਚ ਮਿਲਿਆ ਸੀ। ਉਸ ਨੂੰ ਇਲਾਜ ਲਈ ਤੁਰੰਤ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਪਰ ਦੋ ਦਿਨ ਬਾਅਦ ਉਸ ਦੀ ਮੌਤ ਹੋ ਗਈ। ਸ਼ੁਰੂਆਤੀ ਤੌਰ ‘ਤੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੜਕ ਹਾਦਸਾ ਮੰਨਿਆ ਗਿਆ ਸੀ, ਪਰ ਬਾਅਦ ‘ਚ ਇੱਕ ਆਡੀਓ ਵਾਇਰਲ ਹੋਣ ਤੋਂ ਬਾਅਦ ਮਾਮਲੇ ਨੇ ਨਵਾਂ ਮੋੜ ਲੈ ਲਿਆ।ਜਾਂਚ ਦੌਰਾਨ ਇਹ ਦਾਅਵਾ ਸਾਹਮਣੇ ਆਇਆ ਕਿ ਇਹ ਕੋਈ ਸੜਕ ਹਾਦਸਾ ਨਹੀਂ, ਸਗੋਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਨੌਜਵਾਨ ਦਾ ਕਤਲ ਕੀਤਾ ਗਿਆ ਸੀ। ਫਿਲਹਾਲ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਪ੍ਰੇਮਿਕਾ ਸੁਖਮਨ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਰਿਵਾਰ ਨੇ ਲਗਾਏ ਗੰਭੀਰ ਇਲਜ਼ਾਮ
ਮ੍ਰਿਤਕ ਨੌਜਵਾਨ ਦੀ ਮਾਤਾ ਨਰਿੰਦਰ ਕੌਰ ਨੇ ਦਾਅਵਾ ਕਰਦਿਆਂ ਦੱਸਿਆ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਕੁਝ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਤਜਿੰਦਰ ਨੂੰ ਧਮਕੀ ਦਿੱਤੀ ਗਈ ਸੀ ਕਿ, “ਤੇਰਾ ਅਜਿਹਾ ਹਾਲ ਕਰਾਂਗੇ, ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ।”












