ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡੀ ਹਲਚਲ ਤੇਜ਼ ਹੋ ਗਈ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ (BJP) ਅਤੇ ਸ਼੍ਰੋਮਣੀ ਅਕਾਲੀ ਦਲ (SAD) ਦਰਮਿਆਨ ਸੰਭਾਵੀ ਗਠਜੋੜ ਨੂੰ ਲੈ ਕੇ ਅੰਤਿਮ ਫ਼ੈਸਲਾ ਅੱਜ ਦਿੱਲੀ ਵਿੱਚ ਹੋਣ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਲੀ ਬੁਲਾਇਆ ਗਿਆ ਹੈ। ਦਿੱਲੀ ਵਿਖੇ ਦੋਵਾਂ ਦਿੱਗਜ ਆਗੂਆਂ ਦਰਮਿਆਨ ਗਠਜੋੜ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਸਥਾਰਪੂਰਵਕ ਗੱਲਬਾਤ ਹੋਵੇਗੀ, ਜਿਸ ਵਿੱਚ ਸੀਟਾਂ ਦੀ ਵੰਡ ਤੋਂ ਲੈ ਕੇ ਮੁੱਖ ਮੰਤਰੀ ਦੇ ਚਿਹਰੇ ਵਰਗੇ ਅਹਿਮ ਮੁੱਦਿਆਂ ‘ਤੇ ਗਠਜੋੜ ਦਾ ਪੂਰਾ ਰੋਡਮੈਪ ਤਿਆਰ ਕੀਤਾ ਜਾਵੇਗਾ।
ਸਿਆਸੀ ਸੂਤਰਾਂ ਮੁਤਾਬਕ, ਜੇਕਰ ਅੱਜ ਦੀ ਇਸ ਅਹਿਮ ਬੈਠਕ ਵਿੱਚ ਗਠਜੋੜ ਨੂੰ ਲੈ ਕੇ ਸਹਿਮਤੀ ਨਹੀਂ ਬਣਦੀ, ਤਾਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਆਗਾਮੀ ਚੋਣਾਂ ਇਕੱਲੇ-ਇਕੱਲੇ ਲੜਨ ਦੇ ਰਾਹ ਪੈਣਗੇ। ਦੂਜੇ ਪਾਸੇ, ‘ਅਕਾਲੀ ਦਲ (ਪੁਨਰ ਸੁਰਜੀਤ)’ ਵੱਲੋਂ ਪਹਿਲਾਂ ਹੀ ਇਹ ਸਪੱਸ਼ਟ ਐਲਾਨ ਕੀਤਾ ਜਾ ਚੁੱਕਾ ਹੈ ਕਿ ਜੇਕਰ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਗਠਜੋੜ ਹੁੰਦਾ ਹੈ, ਤਾਂ ਉਹ ਭਾਜਪਾ ਦੇ ਨਾਲ ਨਹੀਂ ਆਉਣਗੇ। ਗਿਆਨੀ ਹਰਪ੍ਰੀਤ ਸਿੰਘ ਦੇ ਇਸ ਸਖ਼ਤ ਐਲਾਨ ਤੋਂ ਬਾਅਦ ਗਠਜੋੜ ਵਿੱਚ ਸੀਟਾਂ ਦੇ ਸਮੀਕਰਨਾਂ ਨੂੰ ਲੈ ਕੇ ਕੁਝ ਅਹਿਮ ਫੇਰਬਦਲ ਵੇਖਣ ਨੂੰ ਮਿਲ ਸਕਦੇ ਹਨ।
ਬੀਬੀ ਜਗੀਰ ਕੌਰ ਦੀ ਅਕਾਲੀ ਦਲ ‘ਚ ਵਾਪਸੀ ਟਲੀ
ਸਮੀਕਰਨਾਂ ਵਿੱਚ ਆਏ ਇਸ ਬਦਲਾਅ ਕਾਰਨ ਗਠਜੋੜ ਤਹਿਤ ਭਾਜਪਾ ਦੇ ਕੋਟੇ ਦੀਆਂ ਸੀਟਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉੱਧਰ, ਸੁਖਬੀਰ ਸਿੰਘ ਬਾਦਲ ਨੂੰ ਅਚਾਨਕ ਦਿੱਲੀ ਬੁਲਾਏ ਜਾਣ ਕਾਰਨ ਬੀਬੀ ਜਗੀਰ ਕੌਰ ਦੀ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਣ ਵਾਲੀ ਘਰ ਵਾਪਸੀ ਫਿਲਹਾਲ ਟਲ ਗਈ ਹੈ। ਤੈਅ ਪ੍ਰੋਗਰਾਮ ਅਨੁਸਾਰ, ਸੁਖਬੀਰ ਬਾਦਲ ਨੇ ਅੱਜ ਬੀਬੀ ਜਗੀਰ ਕੌਰ ਦੇ ਗ੍ਰਹਿ ਵਿਖੇ ਜਾ ਕੇ ਉਨ੍ਹਾਂ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਕਰਵਾਉਣਾ ਸੀ, ਪਰ ਹੁਣ ਉਹ ਦਿੱਲੀ ਦੌਰੇ ਤੋਂ ਵਾਪਸ ਪਰਤਣ ਉਪਰੰਤ ਹੀ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣਗੇ।
ਪੁਨਰ ਸੁਰਜੀਤ ਧੜੇ ਦੇ ਰੁਖ਼ ਤੋਂ ਬਾਅਦ ਸੀਟਾਂ ਦੇ ਫਾਰਮੂਲੇ ‘ਚ ਬਦਲਾਅ ਸੰਭਵ
ਅਕਾਲੀ ਦਲ (ਪੁਨਰ ਸੁਰਜੀਤ) ਦੇ ਤਿੱਖੇ ਤੇਵਰਾਂ ਤੋਂ ਬਾਅਦ ਗਠਜੋੜ ਦੀ ਰੂਪ-ਰੇਖਾ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਭਾਜਪਾ ਅਤੇ ਅਕਾਲੀ ਦਲ ਵਿਚਾਲੇ 70-47 ਸੀਟਾਂ ਦੇ ਫਾਰਮੂਲੇ ‘ਤੇ ਗੱਲਬਾਤ ਚੱਲ ਰਹੀ ਸੀ, ਪਰ ਪੁਨਰ ਸੁਰਜੀਤ ਧੜੇ ਵੱਲੋਂ ਗਠਜੋੜ ਵਿੱਚ ਸ਼ਾਮਲ ਨਾ ਹੋਣ ਦੀ ਚਿਤਾਵਨੀ ਦਿੱਤੇ ਜਾਣ ਮਗਰੋਂ ਹੁਣ ਸੀਟ ਸ਼ੇਅਰਿੰਗ ਦੇ ਅੰਕੜਿਆਂ ਵਿੱਚ ਬਦਲਾਅ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।
ਉਮੀਦਵਾਰਾਂ ਦੀ ਸਮੇਂ ਸਿਰ ਚੋਣ ਅਤੇ ਭੰਬਲਭੂਸਾ ਖ਼ਤਮ ਕਰਨ ਦੀ ਕੋਸ਼ਿਸ਼
ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਸਥਾਨਕ ਆਗੂ ਤੇ ਵਰਕਰ ਅਜੇ ਤੱਕ ਇਸ ਭੰਬਲਭੂਸੇ ਵਿੱਚ ਫਸੇ ਹੋਏ ਹਨ ਕਿ ਦੋਵਾਂ ਪਾਰਟੀਆਂ ਦਾ ਗਠਜੋੜ ਹੋਵੇਗਾ ਜਾਂ ਨਹੀਂ, ਅਤੇ ਜੇਕਰ ਸਮਝੌਤਾ ਹੁੰਦਾ ਹੈ ਤਾਂ ਕਿਸ ਪਾਰਟੀ ਦੇ ਹਿੱਸੇ ਕਿਹੜੀਆਂ ਸੀਟਾਂ ਆਉਣਗੀਆਂ। ਇਸ ਅਨਿਸ਼ਚਿਤਤਾ ਕਾਰਨ ਦੋਵਾਂ ਦਲਾਂ ਦੇ ਆਗੂ ਜ਼ਮੀਨੀ ਪੱਧਰ ‘ਤੇ ਖੁੱਲ੍ਹ ਕੇ ਚੋਣ ਪ੍ਰਚਾਰ ਤੇ ਕੰਮ ਨਹੀਂ ਕਰ ਪਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚਾਹੁੰਦੇ ਹਨ ਕਿ ਪਾਰਟੀ ਆਗੂਆਂ ਨੂੰ ਹੁਣ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੀ ਜਾਵੇ ਕਿ ਗਠਜੋੜ ਹੋਵੇਗਾ ਜਾਂ ਨਹੀਂ ਅਤੇ ਕਿਹੜੀ ਸੀਟ ਤੋਂ ਕਿਹੜੀ ਪਾਰਟੀ ਚੋਣ ਮੈਦਾਨ ਵਿੱਚ ਉੱਤਰੇਗੀ।












