ਪੰਜਾਬ ਵਿੱਚ ਸਿਵਲ ਡਿਫੈਂਸ ਦੀਆਂ ਤਿਆਰੀਆਂ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀ ਸਮਰੱਥਾ ਨੂੰ ਪਰਖਣ ਲਈ ਭਲਕੇ 27 ਨਵੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਏਅਰ ਰੇਡ ਅਤੇ ਬਲੈਕਆਊਟ ਦੀ ਮੌਕ ਡਰਿੱਲ ਕਰਵਾਈ ਜਾਵੇਗੀ। ਇਹ ਅਭਿਆਸ ਰਾਤ 8 ਵਜੇ ਸ਼ੁਰੂ ਹੋਵੇਗਾ, ਜੋ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਕੀਤਾ ਜਾ ਰਿਹਾ ਹੈ।
ਮੌਕ ਡਰਿੱਲ ਦੀ ਸ਼ੁਰੂਆਤ ਦੋ ਮਿੰਟ ਤੱਕ ਉੱਚੀ-ਨੀਵੀਂ ਆਵਾਜ਼ ਵਿੱਚ ਸਾਇਰਨ ਵਜਾ ਕੇ ਕੀਤੀ ਜਾਵੇਗੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰਾਂ ਵੱਲੋਂ ਤੈਅ ਕੀਤੇ ਗਏ ਇਲਾਕਿਆਂ ਵਿੱਚ ਬਲੈਕਆਊਟ ਕੀਤਾ ਜਾਵੇਗਾ। ਇਨ੍ਹਾਂ ਖੇਤਰਾਂ ਦੇ ਵਸਨੀਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਲਈ ਕਿਹਾ ਗਿਆ ਹੈ। ਹਾਲਾਂਕਿ ਹਸਪਤਾਲਾਂ ਅਤੇ ਫਾਇਰ ਬ੍ਰਿਗੇਡ ਸਮੇਤ ਸਾਰੀਆਂ ਜ਼ਰੂਰੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।
ਇਸ ਅਭਿਆਸ ਦੌਰਾਨ ਸਿਰਫ਼ ਬਲੈਕਆਊਟ ਹੀ ਨਹੀਂ, ਸਗੋਂ ਅੱਗ ਬੁਝਾਉਣ, ਖੋਜ ਅਤੇ ਬਚਾਅ ਕਾਰਜਾਂ, ਫਸਟ ਏਡ ਦੇਣ, ਜ਼ਖ਼ਮੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਅਤੇ ਟ੍ਰੈਫਿਕ ਤੇ ਭੀੜ ਨੂੰ ਕੰਟਰੋਲ ਕਰਨ ਦੀਆਂ ਤਿਆਰੀਆਂ ਵੀ ਪਰਖੀਆਂ ਜਾਣਗੀਆਂ।
ਡਰਿੱਲ ਦੀ ਸਮਾਪਤੀ ਦੋ ਮਿੰਟ ਤੱਕ ਲਗਾਤਾਰ ਸਾਇਰਨ ਵਜਾ ਕੇ ‘ਆਲ ਕਲੀਅਰ’ ਦਾ ਸੰਕੇਤ ਦੇਣ ਨਾਲ ਹੋਵੇਗੀ।
ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਇਰਨ ਦੀ ਆਵਾਜ਼ ਸੁਣ ਕੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਹ ਸਿਰਫ਼ ਪਹਿਲਾਂ ਤੋਂ ਨਿਰਧਾਰਤ ਮੌਕ ਅਭਿਆਸ ਹੈ। ਲੋਕ ਸ਼ਾਂਤੀ ਬਣਾਈ ਰੱਖਣ, ਮੌਕੇ ‘ਤੇ ਤਾਇਨਾਤ ਅਧਿਕਾਰੀਆਂ ਦਾ ਸਹਿਯੋਗ ਕਰਨ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਇਹ ਕਿਸੇ ਅਸਲ ਹਵਾਈ ਹਮਲੇ ਜਾਂ ਐਮਰਜੈਂਸੀ ਦਾ ਅਲਰਟ ਨਹੀਂ ਹੈ।












