ਸੁਪਰੀਮ ਕੋਰਟ ਦੇ ਪਰਲਜ਼ ਗਰੁੱਪ ਵੱਲੋਂ ਸਥਾਪਤ ਸੈਕਟਰ 100 ਅਤੇ 104 ਸਬੰਧੀ ਤਾਜ਼ਾ ਫ਼ੈਸਲੇ ਨੇ ਬਿਨਾਂ ਕਿਸੇ ਬੈਂਕਿੰਗ ਚੈਨਲ ਤੋਂ ਨਗਦ ਰਾਸ਼ੀ ਦੇ ਕੇ ਪਲਾਟ ਖ਼ਰੀਦਣ ਵਾਲੇ ਮਕਾਨ ਮਾਲਕਾਂ ਦੀ ਨੀਂਦ ਉਡਾ ਦਿੱਤੀ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਅਜਿਹੇ ਪਲਾਟ ਧਾਰਕਾਂ ਲਈ ‘ਕੈਟਾਗਰੀ-4’ ਨਿਸ਼ਚਿਤ ਕਰਦਿਆਂ ਉਨ੍ਹਾਂ ਨੂੰ ਪਲਾਟ ਜਾਂ ਪੈਸੇ ਵਾਪਸੀ ਦੀ ਕੋਈ ਵੀ ਰਾਹਤ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਅਜਿਹੇ ਮਾਲਕਾਂ ਨੂੰ ਸਿਰਫ਼ ਹੇਠਲੀ ਅਦਾਲਤ ਵਿੱਚ ਜਾਣ ਦੀ ਛੋਟ ਦਿੱਤੀ ਹੈ, ਜਦਕਿ ਲੋਧਾ ਕਮੇਟੀ ਨੂੰ ਇਨ੍ਹਾਂ ਪਲਾਟਾਂ ਨੂੰ ਖ਼ਾਲੀ ਕਰਾਰ ਦੇ ਕੇ ਅਗਲੇਰੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਸੈਕਟਰਾਂ ਵਿੱਚ ਸਾਲ 2016 ਤੋਂ ਬਾਅਦ ਵੱਡੀ ਪੱਧਰ ’ਤੇ ਮਕਾਨਾਂ ਦੀ ਉਸਾਰੀ ਹੋਈ ਹੈ। ਗਮਾਡਾ ਵੱਲੋਂ 2024 ਤੱਕ ਨਕਸ਼ੇ ਪਾਸ ਕੀਤੇ ਜਾਂਦੇ ਰਹੇ ਅਤੇ ਬਿਜਲੀ, ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਵੀ ਲੱਗਦੇ ਰਹੇ। ਇਸ ਅਰਸੇ ਦੌਰਾਨ ਬਾਜ਼ਾਰ ਨਾਲੋਂ ਦਸ ਗੁਣਾ ਸਸਤੇ ਭਾਅ ’ਤੇ ਨਗਦ ਪੈਸਿਆਂ ਰਾਹੀਂ ਹੋਈ ਪਲਾਟਾਂ ਦੀ ਖ਼ਰੀਦੋ-ਫ਼ਰੋਖ਼ਤ ਹੁਣ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਸਥਾਨਕ ਵਾਸੀਆਂ ਨੇ ਪਿਛਲੇ ਦਸ ਸਾਲਾਂ ਦੌਰਾਨ ਹੋਈ ਵਿਕਰੀ ਅਤੇ ਉਸਾਰੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਨਿਰਪੱਖ ਜਾਂਚ ਨਾਲ ਸੈਂਕੜੇ ਕਰੋੜ ਰੁਪਏ ਦਾ ਘਪਲਾ ਸਾਹਮਣੇ ਆ ਸਕਦਾ ਹੈ।ਦੋ ਸਾਲ ਪਹਿਲਾਂ ਲੋਧਾ ਕਮੇਟੀ ਵੱਲੋਂ ਕਰਵਾਈ ਗਈ ਦਸਤਾਵੇਜ਼ਾਂ ਦੀ ਜਾਂਚ ਵਿੱਚ ਵੀ ਕਈ ਮਕਾਨਾਂ ਨੂੰ ਅਣ-ਅਧਿਕਾਰਤ ਦੱਸਿਆ ਗਿਆ ਸੀ, ਜਿਨ੍ਹਾਂ ਵਿੱਚ ਕਈ ਪੁਲੀਸ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਦੇ ਮਕਾਨ ਵੀ ਸ਼ਾਮਲ ਦੱਸੇ ਜਾਂਦੇ ਹਨ। ਪਿਛਲੇ ਸਮੇਂ ਦੌਰਾਨ ਇਨ੍ਹਾਂ ਸੈਕਟਰਾਂ ਵਿੱਚ ਪੈਂਦੇ ਪੰਚਾਇਤੀ ਰਸਤਿਆਂ ਅਤੇ ਕਿਸਾਨਾਂ ਦੀਆਂ ਬਿਨਾਂ ਵੇਚੀਆਂ ਜ਼ਮੀਨਾਂ ’ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਵੀ ਹੁੰਦੀਆਂ ਰਹੀਆਂ ਸਨ।
ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਨੇ ਲਾਏ ਵਧਾਈ ਬੋਰਡ
ਪਰਲਜ਼ ਸਿਟੀ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਸੈਕਟਰ 100-104 ਦੇ ਪ੍ਰਧਾਨ ਕੁਲਬੀਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਜਸਪਾਲ ਸਿੰਘ ਦੀ ਅਗਵਾਈ ਹੇਠ ਦੋਵਾਂ ਸੈਕਟਰਾਂ ਵਿੱਚ ਦਰਜਨ ਤੋਂ ਵੱਧ ਥਾਵਾਂ ’ਤੇ ਹੋਰਡਿੰਗ ਅਤੇ ਫਲੈਕਸ ਬੋਰਡ ਲਾਏ ਗਏ ਹਨ। ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਇਤਿਹਾਸਕ ਜਿੱਤ ਕਰਾਰ ਦਿੰਦਿਆਂ ਸਮੂਹ ਨਿਵਾਸੀਆਂ ਨੂੰ ਵਧਾਈ ਦਿੱਤੀ ਹੈ। ਆਲੇ-ਦੁਆਲੇ ਦੀਆਂ ਪੰਚਾਇਤਾਂ ਅਤੇ ਜ਼ਮੀਨ ਨਾ ਵੇਚਣ ਵਾਲੇ ਕਿਸਾਨਾਂ ਨੇ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।












