ਅੰਮ੍ਰਿਤਸਰ, 13 ਫਰਵਰੀ 2022 – ਬੀਤੇ ਦਿਨ 13 ਫਰਵਰੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਦੇ ਲੁਧਿਆਣਾ ਅਤੇ ਪਟਿਆਲਾ ‘ਚ ਚੋਣ ਰੈਲੀ ਕੀਤੀ ਗਈ। ਜਿਸ ਤੋਂ ਬਾਅਦ ਉਹ ਸ਼ਾਮ ਵੇਲੇ ਪੰਜਾਬ ਅਤੇ ਭਾਰਤ ਵਿੱਚ ਲੋਕਾਂ ਦੀ ਸ਼ਾਂਤੀ ਅਤੇ ਤਰੱਕੀ ਲਈ ਅਰਦਾਸ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਵਿਖੇ ਮੱਥਾ ਟੇਕਿਆ। ਇਸ ਮੌਕੇ ਸ਼ਾਹ ਦੇ ਨਾਲ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਤਰੁਣ ਚੁੱਘ, ਸ਼ਵੇਤ ਮਲਿਕ, ਰਾਜ ਮਹਿੰਦਰ ਸਿੰਘ ਛੀਨਾ, ਸੁਰੇਸ਼ ਮਹਾਜਨ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।
ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅਮਿਤ ਸ਼ਾਹ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ। ਪਰ ਇਸ ਮੀਟਿੰਗ ਬਾਰੇ ਅਮਿਤ ਸ਼ਾਹ ਜਾਂ ਉਹਨਾਂ ਨਾਲ ਮੌਜੂਦ ਕਿਸੇ ਵੀ ਲੀਡਰ ਨੇ ਇਸ ਮੀਟਿੰਗ ਬਾਰੇ ਕੋਈ ਵੀ ਬਿਆਨ ਨਹੀਂ ਦਿੱਤਾ। ਪੰਜਾਬ ਚੋਣਾਂ ਦਰਮਿਆਨ ਹੋਈ ਇਸ ਮੀਟਿੰਗ ਤੋਂ ਬਾਅਦ ਕਈ ਤਰ੍ਹਾਂ ਸਿਆਸੀ ਚਰਚਾ ਅਤੇ ਕਿਆਫ਼ੇ ਸ਼ੁਰੂ ਹੋ ਗਏ ਹਨ। ਅਮਿਤ ਸ਼ਾਹ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਿਚਾਕਾਰ ਸਕੱਤਰੇਤ ਸ੍ਰੀ ਅਕਾਲ ਤਖਤ ਵਿਖੇ ਇਹ ਮੀਟਿੰਗ ਕਰੀਬ 50 ਮਿੰਟ ਤੱਕ ਚੱਲੀ। ਮੀਟਿੰਗ ਵਿੱਚ ਭਾਜਪਾ ਦੇ ਕੌਮੀ ਬੁਲਾਰੇ ਤਰੁਣ ਚੁੱਘ, ਮਨਜਿੰਦਰ ਸਿਰਸਾ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਮੌਜੂਦ ਰਹੇ।











