ਪੰਜਾਬੀ ਸਿਨੇਮਾ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਖੁਸ਼ਖਬਰੀ! ਬਹੁਤ ਉਡੀਕੀ ਜਾ ਰਹੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਪਹਿਲਾ ਗੀਤ ‘ਸਫ਼ਰਾਂ ‘ਤੇ’ ਰਿਲੀਜ਼ ਹੋ ਗਿਆ ਹੈ। ਇਹ ਗੀਤ ਉਹਨਾਂ ਲੋਕਾਂ ਨੂੰ ਭਾਵੁਕ ਕਰ ਦੇਵੇਗਾ ਜੋ ਰੋਜ਼ੀ ਰੋਟੀ ਕਮਾਉਣ ਤੇ ਇੱਕ ਬਿਹਤਰੀਨ ਜ਼ਿੰਦਗੀ ਲਈ ਆਪਣਾ ਘਰ-ਬਾਰ ਛੱਡ ਕੇ ਵਿਦੇਸ਼ਾਂ ਵਿੱਚ ਹੱਡ-ਤੋੜਵੀ ਮਿਹਨਤ ਕਰਨ ਲਈ ਨਿਕਲੇ ਹੋਏ ਹਨ ਤੇ ਆਪਣੇ ਪਰਿਵਾਰਾਂ ਤੋਂ ਕੋਹਾਂ ਦੂਰ ਹਨ।
ਇਸ ਗੀਤ ਦਾ ਮਿਊਜ਼ਿਕ ਮੰਨਾ ਸਿੰਘ ਨੇ ਕੀਤਾ ਹੈ, ਇਸਨੂੰ ਕੋ-ਪ੍ਰੋਗ੍ਰੈਮਡ ਰਿਸ਼ਭ ਸ਼ਰਮਾ ਤੇ ਮਿਕਸ ਮਾਸਟਰਡ ਸੰਨੀ ਸੈਵਨ ਨੇ ਕੀਤਾ ਹੈ। ਬੀਰ ਸਿੰਘ ਦੀ ਰੂਹਾਨੀ ਆਵਾਜ਼ ਤੇ ਬੋਲ ਤੁਹਾਨੂੰ ਅੰਦਰ ਤੱਕ ਝੰਜੋੜ ਕੇ ਰੱਖ ਦੇਣਗੇ ਕਿਉਂਕਿ ਇਹ ਗੀਤ ਹਰ ਉਸ ਸ਼ਖਸ ਦੀ ਜ਼ਿੰਦਗੀ ਨਾਲ ਜੁੜਿਆ ਹੈ ਜੋ ਪ੍ਰਵਾਸੀ ਹੋ ਗਏ ਹਨ ਤੇ ਆਪਣੇ ਪਰਿਵਾਰਾਂ ਤੋਂ ਦੂਰ ਹਨ। ਬੀਰ ਸਿੰਘ ਨੇ ਦਿਲ ਟੁੰਬਵੇਂ ਸ਼ਬਦ ਪਿਰੋ ਕੇ ਅਸਲ ਜ਼ਿੰਦਗੀ ‘ਤੇ ਆਧਾਰਿਤ ਗੀਤ ਲਿਖ ਕੇ ਉਸਨੂੰ ਆਪਣੀ ਆਵਾਜ਼ ਵਿੱਚ ਗਾਇਆ ਹੈ ਜੋ ਫ਼ਿਲਮ ਦਾ ਅਹਿਮ ਹਿੱਸਾ ਹੈ। ਰਾਕੇਸ਼ ਧਵਨ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ 25 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ












