ਧੂਰੀ : – ਧੂਰੀ ਵਿਧਾਨ ਸਭਾ ਹਲਕਾ ਇਸ ਵਾਰ ਸੁਰਖੀਆਂ ਬਟੋਰ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ (ਆਪ) ਵੱਲੋਂ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੂੰ ਵਿਧਾਨ ਸਭਾ ਸੀਟ ਤੋਂ ਮੈਦਾਨ ਵਿੱਚ ਉਤਾਰੇ ਜਾਣ ਤੋਂ ਬਾਅਦ ਇੱਥੇ ਸਖ਼ਤ ਚੋਣ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ਦਾ ਇਤਿਹਾਸ ਦਿਲਚਸਪ ਹੈ। 20 ਫਰਵਰੀ ਨੂੰ ਪਈਆਂ ਵਿਧਾਨ ਸਭਾ ਚੋਣਾਂ ਲਈ ਧੂਰੀ ਤੋਂ 12 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨ ਵਿੱਚ ਬੰਦ ਹੈ। ਇਸ ਦਾ ਨਤੀਜਾ 10 ਮਾਰਚ ਨੂੰ ਆਵੇਗਾ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ 1997 ਤੋਂ ਬਾਅਦ ਇਸ ਹਲਕੇ ਤੋਂ ਕੋਈ ਵੀ ਉਮੀਦਵਾਰ ਦੂਸਰੀ ਵਾਰ ਵਿਧਾਇਕ ਬਣਨ ਵਿਚ ਕਾਮਯਾਬ ਨਹੀਂ ਹੋਇਆ। 2017 ਵਿੱਚ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੇ ਧੂਰੀ ਤੋਂ ਆਪਣੇ ਕੱਟੜ ਵਿਰੋਧੀ ਅਤੇ ਆਪ ਆਗੂ ਜਸਵੀਰ ਸਿੰਘ ਜੱਸੀ ਸੇਖੋਂ ਨੂੰ 2811 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ। ਅਜਿਹੇ ‘ਚ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਾਂਗਰਸ ਉਮੀਦਵਾਰ ਦਲਵੀਰ ਸਿੰਘ ਗੋਲਡੀ ਇੱਥੋਂ ਜਿੱਤ ਕੇ ਦੂਜੀ ਵਾਰ ਵਿਧਾਇਕ ਬਣ ਸਕਣਗੇ ਜਾਂ ਨਹੀਂ।
ਦਲਵੀਰ ਸਿੰਘ ਗੋਲਡੀ ਦਾ ਕਹਿਣਾ ਹੈ ਕੇ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਕਦੇ ਵੀ ਧੂਰੀ ਵਿੱਚ ਨਹੀਂ ਦੇਖਿਆ ਗਿਆ, ਗੋਲਡੀ ਨੇ ਕਿਹਾ ਕਿ ਉਹ ਸੰਸਦ ਮੈਂਬਰ ਬਣ ਕੇ ਧੂਰੀ ਦੇ ਲੋਕਾਂ ਲਈ ਬਹੁਤ ਕੁਝ ਕਰ ਸਕਦੇ ਸਨ। ਧੂਰੀ ਸੰਗਰੂਰ ਸੰਸਦੀ ਸੀਟ ਦੇ ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਮਾਨ ਸੰਗਰੂਰ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ।
ਕਾਂਗਰਸੀ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਗੋਲਡੀ ਨੇ ਦਾਅਵਾ ਕੀਤਾ ਹੈ ਕਿ ਉਹ ਧੂਰੀ ਨਾਲ ਸਬੰਧਤ ਹਨ ਜਦਕਿ ‘ਆਪ’ ਅਤੇ ਅਕਾਲੀ ਦਲ ਦੇ ਉਮੀਦਵਾਰ ‘ਬਾਹਰੀ’ ਹਨ।
ਧੂਰੀ ਦਾ ਚੋਣ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਾਲ 1997 ਵਿੱਚ ਧਨਵੰਤ ਸਿੰਘ ਤੋਂ ਬਾਅਦ ਕੋਈ ਵੀ ਉਮੀਦਵਾਰ ਧੂਰੀ ਤੋਂ ਮੁੜ ਵਿਧਾਇਕ ਨਹੀਂ ਬਣਿਆ। 1992 ਵਿਚ ਧਨਵੰਤ ਸਿੰਘ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਕੇ ਜਿੱਤੇ। 1997 ‘ਚ ਪਾਰਟੀ ਟਿਕਟ ਨਾ ਮਿਲਣ ‘ਤੇ ਧਨਵੰਤ ਸਿੰਘ ਆਜ਼ਾਦ ਨੇ ਚੋਣ ਲੜੀ ਅਤੇ ਮੁੜ ਧੂਰੀ ਤੋਂ ਵਿਧਾਇਕ ਬਣੇ। 2002 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਗਗਨਜੀਤ ਸਿੰਘ ਬਰਨਾਲਾ ਨੇ ਚੋਣ ਜਿੱਤੀ। 2007 ਵਿਚ ਆਜ਼ਾਦ ਇਕਬਾਲ ਸਿੰਘ ਝੂੰਦਾਂ ਤੋਂ ਚੋਣ ਹਾਰ ਗਏ ਸਨ।
10 ਮਾਰਚ ਨੂੰ ਪਤਾ ਲੱਗੇਗਾ ਕਿ ਗੋਲਡੀ ਜਿੱਤ ਕੇ 1997 ਦਾ ਇਤਿਹਾਸ ਦੁਹਰਾ ਸਕਣਗੇ ਜਾਂ ਨਹੀਂ। ਇਸ ਦੇ ਨਾਲ ਹੀ ਸੰਸਦ ਮੈਂਬਰ ਭਗਵੰਤ ਮਾਨ ਦੇ ਚੋਣ ਮੈਦਾਨ ਵਿੱਚ ਆਉਣ ਕਾਰਨ ਪੰਜਾਬ ਵਿੱਚ ਹਾਟ ਸੀਟ ਬਣੀ ਹੋਈ ਹੈ।












