ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਅੱਜ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਸੀ.ਸੀ.ਟੀ.ਵੀ ਕੈਮਰੇ ਅਤੇ ਸਿਕਓਰਟੀ ਬੈਰੀਕੇਡ ਵੀ ਤੋੜੇ ਗਏ। ਕੇਜਰੀਵਾਲ ਦੇ ਘਰ ‘ਤੇ ਹੋਏ ਹਮਲੇ ਦੀ ‘ਆਪ’ ਆਗੂ ਰਾਘਵ ਚੱਢਾ ਅਤੇ ਸੰਦੀਪ ਪਾਠਕ ਵੱਲੋ ਨਿੰਦਾ ਕੀਤੀ ਗਈ ਹੈ। ਰਾਘਵ ਚੱਢਾ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨਿਵਾਸ ‘ਤੇ ਭਾਜਪਾ ਦੇ ਗੁੰਡਿਆਂ ਵਲੋਂ ਕੀਤਾ ਗਿਆ ਹਮਲਾ ਅਤਿ ਨਿੰਦਣਯੋਗ ਹੈ। ਪੁਲਿਸ ਦੀ ਮੌਜੂਦਗੀ ‘ਚ ਇਨ੍ਹਾਂ ਗੁੰਡਿਆਂ ਨੇ ਬੈਰੀਕੇਡ ਤੋੜ ਦਿੱਤੇ, ਸੀ.ਸੀ.ਟੀ.ਵੀ. ਕੈਮਰੇ ਤੋੜ ਦਿੱਤੇ। ਪੰਜਾਬ ਚ ਹਾਰ ਦੇ ਕਹਿਰ ‘ਚ ਭਾਜਪਾ ਅਜਿਹੀ ਘਟੀਆ ਰਾਜਨੀਤੀ ‘ਤੇ ਉਤਰ ਗਈ।
ਪੰਜਾਬ ਦੇ ਸਹਿ ਇੰਚਾਰਜ ਅਤੇ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਨੇ ਟਵੀਟ ਕਰਦਿਆਂ ਕਿਹਾ ਕਿ ਭਾਜਪਾ ਦੇ ਗੁੰਡਿਆਂ ਵੱਲੋਂ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਹਮਲਾ ਨਿੰਦਣ ਯੋਗ ਹੈ। ਭਾਜਪਾ ਦੇ ਲੋਕ ਅਜਿਹੀ ਘਟੀਆ ਰਾਜਨੀਤੀ ‘ਤੇ ਉਤਰ ਆਏ ਹਨ ਕਿ ਪੁਲਿਸ ਦੀ ਮੌਜੂਦਗੀ ‘ਚ ਇਨ੍ਹਾਂ ਗੁੰਡਿਆਂ ਨੇ ਬੈਰੀਕੇਡ ਤੋੜ ਦਿੱਤੇ, ਸੀਸੀਟੀਵੀ ਕੈਮਰੇ ਤੋੜ ਦਿੱਤੇ।
ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਨੇੜੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਬੁੱਧਵਾਰ ਨੂੰ ਭੰਨਤੋੜ ਕੀਤੀ। ਮੁੱਖ ਮੰਤਰੀ ਕੇਜਰੀਵਾਲ ਦੇ ਘਰ ਆਈਪੀ ਕਾਲਜ ਨੇੜੇ ਲਿੰਕ ਰੋਡ ‘ਤੇ ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਦੇ ਲਗਭਗ 150-200 ਪ੍ਰਦਰਸ਼ਨਕਾਰੀਆਂ ਵੱਲੋਂ ਬੁੱਧਵਾਰ ਸਵੇਰੇ ਕਰੀਬ 11:30 ਵਜੇ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਕੇਜਰੀਵਾਲ ਨੇ ਕਸ਼ਮੀਰੀ ਪੰਡਤਾਂ ‘ਤੇ ਟਿੱਪਣੀ ਕੀਤੀ ਸੀ। ਇਸ ’ਤੇ ਮੁਆਫ਼ੀ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਇਸ ਤੋਂ ਬਾਅਦ ਦੁਪਹਿਰ 1 ਵਜੇ ਦੇ ਕਰੀਬ ਕੁਝ ਪ੍ਰਦਰਸ਼ਨਕਾਰੀ ਦੋ ਬੈਰੀਕੇਡ ਤੋੜ ਕੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਪੁੱਜੇ, ਜਿੱਥੇ ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਹੰਗਾਮਾ ਕੀਤਾ। ਹੰਗਾਮੇ ਦੌਰਾਨ, ਇੱਕ ਬੂਮ ਬੈਰੀਅਰ ਅਤੇ ਇੱਕ ਸੀਸੀਟੀਵੀ ਕੈਮਰਾ ਟੁੱਟ ਗਿਆ। ਪੁਲਸ ਟੀਮ ਨੇ ਤੁਰੰਤ ਉਨ੍ਹਾਂ ਨੂੰ ਮੌਕੇ ਤੋਂ ਹਟਾਇਆ ਅਤੇ ਕਰੀਬ 70 ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ। ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।












