ਹਿਮਾਚਲ ਪ੍ਰਦੇਸ਼ ਦੇ ਮੰਡੀ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੋਡ ਸ਼ੋਅ ਕੱਢਿਆ ਗਿਆ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਗ੍ਰਹਿ ਜ਼ਿਲ੍ਹੇ ਵਿੱਚ ਇਹ ਰੋਡ ਸ਼ੋਅ ਵਿਕਟੋਰੀਆ ਪੁਲ ਤੋਂ ਸ਼ੁਰੂ ਹੋਇਆ। ਰੋਡ ਸ਼ੋਅ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਦੇਸ਼ ਭਗਤੀ ਦੇ ਗੀਤਾਂ ਨਾਲ ਅੱਗੇ ਵਧਿਆ। ਆਮ ਆਦਮੀ ਪਾਰਟੀ ਦੇ ਵਰਕਰ ਹੱਥਾਂ ਵਿੱਚ ਤਿਰੰਗਾ ਲੈ ਕੇ ਉਨ੍ਹਾਂ ਦੇ ਨਾਲ ਚਲੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਨੂੰ ਸੰਬੋਧਨ ਕੀਤਾ। ਮਾਨ ਨੇ ਕਿਹਾ ਕਿ ਪ੍ਰਮਾਤਮਾ ਨੇ ਰਾਜਨੀਤੀ ਦੀ ਗੰਦਗੀ ਨੂੰ ਸਾਫ਼ ਕਰਨ ਲਈ ਆਪਣਾ ਝਾੜੂ ਭੇਜਿਆ ਹੈ। ਇਸ ਵਾਰ ‘ਆਪ’ ਨੂੰ ਵੋਟ ਦਿਓ। ਚੰਗੀ ਸਿੱਖਿਆ, ਚੰਗੀ ਸਿਹਤ ਅਤੇ ਬਿਜਲੀ-ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਵੋਟ ਦਿਓ। ਪੰਜਾਬ ਦੇ ਨਤੀਜਿਆਂ ਤੋਂ ਬਾਅਦ ਹਰ ਤੀਜੇ ਦਿਨ ਹਿਮਾਚਲ ਦੇ ਭਾਜਪਾ ਅਤੇ ਕਾਂਗਰਸ ਦੇ ਆਗੂਆਂ ਦੇ ਬਿਆਨ ਆਉਂਦੇ ਹਨ ਕਿ ਇੱਥੇ ਤੀਜੀ ਧਿਰ ਨਹੀਂ ਆ ਸਕਦੀ।

ਮਾਨ ਨੇ ਕਿਹਾ ਕਿ ਅੰਗਰੇਜ਼ਾਂ ਨੇ ਇੱਥੇ 200 ਸਾਲ ਦੀ ਗੁਲਾਮੀ ਦਿੱਤੀ। ਭਾਜਪਾ ਅਤੇ ਕਾਂਗਰਸ ਨੇ ਸਾਨੂੰ ਪੰਜ ਸਾਲ ਲੁੱਟਿਆ ਅਤੇ ਟੁਕੜਿਆਂ ਵਿੱਚ ਗੁਲਾਮੀ ਦਿੱਤੀ। ਹਰ ਵਾਰ ਉਹੀ ਭਾਸ਼ਣ, ਉਹੀ ਵਾਅਦੇ, ਕੋਈ ਨਵਾਂ ਨਹੀਂ। ਉਨ੍ਹਾਂ ਨੇ ਲੁੱਟ ਤੋਂ ਇਲਾਵਾ ਕੁਝ ਨਹੀਂ ਕੀਤਾ। ਭਗਵੰਤ ਨੇ ਕਿਹਾ ਕਿ ਪੰਜਾਬ ਵਿੱਚ ਤੁਹਾਡੇ ਰਿਸ਼ਤੇਦਾਰ ਹਨ। ਤੁਸੀਂ ਪੁੱਛੋ ਕਿ ਪੰਜਾਬ ‘ਚ ਭ੍ਰਿਸ਼ਟਾਚਾਰ ਕਿਵੇਂ ਘਟਿਆ ਹੈ। ਆਮ ਆਦਮੀ ਪਾਰਟੀ ਆਮ ਆਦਮੀ ਨੂੰ ਵਿਧਾਨ ਸਭਾ ਅਤੇ ਪਾਰਲੀਮੈਂਟ ਤਕ ਲੈ ਗਈ।












