ਆਮ ਆਦਮੀ ਮਹਿੰਗਾਈ ਦੇ ਬੋਝ ਹੇਠਾਂ ਦੱਬਦਾ ਜਾ ਰਿਹਾ ਹੈ। ਖਾਣ-ਪੀਣ ਦੀਆਂ ਵਸਤਾਂ ਤੋਂ ਲੈ ਕੇ ਕੱਪੜਿਆਂ ਅਤੇ ਜੁੱਤੀਆਂ ਤੱਕ ਮਹਿੰਗੇ ਹੋਣ ਕਾਰਨ ਮਹਿੰਗਾਈ 17 ਮਹੀਨਿਆਂ ਦੇ ਸਿਖਰ ‘ਤੇ ਪਹੁੰਚ ਗਈ ਹੈ। ਮੰਗਲਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਦੇ ਅਨੁਸਾਰ, ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਅਧਾਰਤ ਪ੍ਰਚੂਨ ਮਹਿੰਗਾਈ ਮਾਰਚ ਵਿੱਚ ਵਧ ਕੇ 6.95% ਤੱਕ ਹੋ ਗਈ। ਖੁਰਾਕੀ ਮਹਿੰਗਾਈ ਦਰ 5.85% ਤੋਂ ਵਧ ਕੇ 7.68% ਹੋ ਗਈ ਹੈ।
ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਮਹਿੰਗਾਈ ਦਰ ਆਰਬੀਆਈ ਦੀ 6% ਦੀ ਉਪਰਲੀ ਸੀਮਾ ਨੂੰ ਪਾਰ ਕਰ ਗਈ ਹੈ। ਪ੍ਰਚੂਨ ਮਹਿੰਗਾਈ ਫਰਵਰੀ 2022 ਵਿੱਚ 6.07% ਅਤੇ ਜਨਵਰੀ ਵਿੱਚ 6.01% ਦਰਜ ਕੀਤੀ ਗਈ ਸੀ। ਇੱਕ ਸਾਲ ਪਹਿਲਾਂ ਦੇ ਮੁਕਾਬਲੇ ਮਾਰਚ 2021 ਵਿੱਚ ਪ੍ਰਚੂਨ ਮਹਿੰਗਾਈ 5.52% ਸੀ। ਹਾਲ ਹੀ ਵਿੱਚ, ਰਿਜ਼ਰਵ ਬੈਂਕ ਨੇ ਇਸ ਵਿੱਤੀ ਸਾਲ ਦੀ ਆਪਣੀ ਪਹਿਲੀ ਮੁਦਰਾ ਨੀਤੀ ਮੀਟਿੰਗ ਤੋਂ ਬਾਅਦ ਪਹਿਲੀ ਤਿਮਾਹੀ ਵਿੱਚ ਮਹਿੰਗਾਈ ਦਰ ਨੂੰ ਵਧਾ ਕੇ 6.3%, ਦੂਜੀ ਵਿੱਚ 5%, ਤੀਜੀ ਵਿੱਚ 5.4% ਅਤੇ ਚੌਥੀ ਵਿੱਚ 5.1% ਕਰ ਦਿੱਤਾ ਹੈ।
ਮਾਰਚ ਮਹੀਨੇ ‘ਚ ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ ਦਰ ‘ਚ ਜ਼ਬਰਦਸਤ ਉਛਾਲ ਆਇਆ ਹੈ। ਮਾਰਚ ‘ਚ ਖੁਰਾਕੀ ਮਹਿੰਗਾਈ ਦਰ 7.68 ਫ਼ੀਸਦੀ ਰਹੀ, ਜਦੋਂ ਕਿ ਬੀਤੇ ਸਾਲ ਮਾਰਚ ਮਹੀਨੇ ਇਹ 5.85 ਫੀਸਦੀ ਸੀ। ਫੂਡ ਬਾਸਕੇਟ ‘ਚ ਵਾਧੇ ਕਾਰਨ ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ 18.79 ਫ਼ੀਸਦੀ ਵਾਧਾ ਹੋਇਆ ਹੈ। ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ‘ਚ 11.64 ਫ਼ੀਸਦੀ ਦਾ ਵਾਧਾ ਹੋਇਆ ਹੈ, ਜਦਕਿ ਮੀਟ ਤੇ ਮੱਛੀ ਦੀਆਂ ਕੀਮਤਾਂ ‘ਚ 9.63 ਫ਼ੀਸਦੀ ਦਾ ਵਾਧਾ ਹੋਇਆ ਹੈ।
ਜ਼ਿਕਰਯੋਗ ਹੈ ਕਿ 22 ਮਾਰਚ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਮਾਲ ਢੋਆ-ਢੁਆਈ ਤੇ ਵਸਤਾਂ ਦੀਆਂ ਕੀਮਤਾਂ ‘ਚ ਵਾਧਾ ਹੋ ਰਿਹਾ ਹੈ।ਪਿਛਲੇ 20 ਦਿਨਾਂ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ 10 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸਾਰੀਆਂ ਦੁੱਧ ਕੰਪਨੀਆਂ ਨੇ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਰੇਟ ਵੀ ਵਧਾ ਦਿੱਤੇ ਹਨ। ਇਸ ਨਾਲ ਆਮ ਬੰਦੇ ਦਾ ਜਿਉਣਾ ਮੁਹਾਲ ਹੋ ਗਿਆ ਹੈ। ਇਨ੍ਹਾਂ ਹੀ ਨਹੀਂ ਹਾਲ ਹੀ ‘ਚ ਨੈਸਲੇ ਕੰਪਨੀ ਨੇ ਵੀ ਮੈਗੀ ਦੇ ਰੇਟ ਵਧਾ ਦਿੱਤੇ ਹਨ ਤੇ ਚਾਹ-ਕੌਫੀ ਸਮੇਤ ਕਈ ਉਤਪਾਦਾਂ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ ‘ਤੇ ਪੈ ਰਿਹਾ ਹੈ।












