15 ਅਪ੍ਰੈਲ 1955 ਯਾਨੀ ਅੱਜ ਦੇ ਦਿਨ ਰੇ ਕਰਾਸ ਨੇ ਮੈਕਡੋਨਲਡ ਦੀ ਪਹਿਲੀ ਬ੍ਰਾਂਚ ਖੋਲ੍ਹੀ ਸੀ। ਅੱਜ ਕੰਪਨੀ ਦੇ 100 ਤੋਂ ਵੱਧ ਦੇਸ਼ਾਂ ਵਿੱਚ 36,000 ਤੋਂ ਵੱਧ ਆਊਟਲੇਟ ਹਨ। ਹਰ ਰੋਜ਼ ਕਰੀਬ 5 ਕਰੋੜ ਲੋਕ ਇੱਥੋਂ ਖਾਣਾ ਮੰਗਵਾਉਂਦੇ ਹਨ। ਇਸ ਕਾਰਨ ਰੈਸਟੋਰੈਂਟ ਨੂੰ 5 ਅਰਬ ਰੁਪਏ ਤੋਂ ਵੱਧ ਦੀ ਕਮਾਈ ਹੁੰਦੀ ਹੈ। 2020 ਵਿੱਚ ਕੰਪਨੀ ਦੀ ਆਮਦਨ 19.21 ਬਿਲੀਅਨ ਡਾਲਰ ਯਾਨੀ 144 ਹਜ਼ਾਰ ਕਰੋੜ ਰੁਪਏ ਦਰਜ ਕੀਤੀ ਗਈ ਸੀ।

ਦਰਅਸਲ 1940 ‘ਚ ਦੋ ਭਰਾਵਾਂ, ਰਿਕ ਅਤੇ ਮੈਕ ਮੈਕਡੋਨਲਡ ਨੇ ਕੈਲੀਫੋਰਨੀਆ ਵਿੱਚ ਇੱਕ ਛੋਟਾ ਜਿਹਾ ਰੈਸਟੋਰੈਂਟ ਖੋਲ੍ਹਿਆ ਸੀ। ਇਸ ਦੀ ਖਾਸੀਅਤ ਇਹ ਸੀ ਕਿ ਇੱਥੇ ਮੈਨਿਊ ਵਿੱਚ ਸਿਰਫ਼ 2-4 ਖਾਣ-ਪੀਣ ਵਾਲੀਆਂ ਚੀਜ਼ਾਂ ਸਨ। ਉਨ੍ਹਾਂ ਦਾ ਕਾਰੋਬਾਰ ਹੌਲੀ-ਹੌਲੀ ਜ਼ੋਰ ਫੜਨ ਲੱਗਾ। ਜਦੋਂ ਆਰਡਰ ਜ਼ਿਆਦਾ ਆਉਣ ਲੱਗੇ ਤਾਂ ਦੋਵਾਂ ਭਰਾਵਾਂ ਨੇ ਸਮੇਂ ਸਿਰ ਡਿਲੀਵਰੀ ਲਈ ਕੁਝ ਮਸ਼ੀਨਾਂ ਵੀ ਖਰੀਦੀਆਂ। ਇਨ੍ਹਾਂ ਵਿੱਚ ਮਿਲਕਸ਼ੇਕ ਬਣਾਉਣ ਵਾਲੇ ਮਿਕਸਰ ਵੀ ਸ਼ਾਮਲ ਸਨ।

ਉਸ ਸਮੇ ਸੇਲਜ਼ਮੈਨ ਦਾ ਕੰਮ ਕਰਦੇ ਰੇ ਕਰਾਸ ਨੇ ਦੇਖਿਆ ਕਿ ਕੈਲੀਫੋਰਨੀਆ ਦੇ ਇੱਕ ਹੀ ਰੈਸਟੋਰੈਂਟ ਨੇ ਉਸ ਤੋਂ 6 ਮਿਕਸਰ ਖਰੀਦੇ ਸਨ। ਰੇ ਨੇ ਸੋਚਿਆ ਕਿ ਕਿਉਂ ਨਾ ਜਾ ਕੇ ਦੇਖੀਏ ਕਿ ਇਹ ਲੋਕ ਇੰਨੇ ਮਿਕਸਰਾਂ ਨਾਲ ਕੀ ਕਰ ਰਹੇ ਹਨ। ਰੇ ਉਸ ਰੈਸਟੋਰੈਂਟ ਨੂੰ ਦੇਖਣ ਲਈ ਕੈਲੀਫੋਰਨੀਆ ਆਇਆ ਸੀ। ਇੱਥੇ ਉਸ ਨੇ ਦੇਖਿਆ ਕਿ ਰੈਸਟੋਰੈਂਟ ਛੋਟਾ ਹੈ, ਪਰ ਖਾਣ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ।
ਰੇਅ ਨੇ ਲਾਈਨ ਵਿੱਚ ਖੜ੍ਹੇ ਇੱਕ ਵਿਅਕਤੀ ਨੂੰ ਪੁੱਛਿਆ ਕਿ ਕੈਲੀਫੋਰਨੀਆ ਵਿੱਚ ਹੋਰ ਵੀ ਰੈਸਟੋਰੈਂਟ ਹਨ, ਪਰ ਇੱਥੇ ਇੰਨੀ ਭੀੜ ਕਿਉਂ ਹੈ? ਤਾਂ ਜਵਾਬ ਸੀ ਕਿ ਇੱਥੇ ਸਿਰਫ 15 ਸੈਂਟ ‘ਚ ਚੰਗਾ ਬਰਗਰ ਮਿਲੇਗਾ, ਉਹ ਵੀ ਘੱਟ ਸਮੇਂ ਵਿੱਚ। ਰੇ ਨੂੰ ਗੱਲ ਸਮਝ ਆ ਗਈ। ਉਸਨੇ ਰੈਸਟੋਰੈਂਟ ਦੀ ਫਰੈਂਚਾਈਜ਼ੀ ਲੈਣ ਲਈ ਰਿਕ ਅਤੇ ਮੇਕ ਨਾਲ ਗੱਲਬਾਤ ਕੀਤੀ। ਜਿਸ ਤੋਂ ਬਾਅਦ ਸੌਦਾ ਹੋ ਗਿਆ ਅਤੇ ਰੇ ਨੂੰ ਫਰੈਂਚਾਇਜ਼ੀ ਮਿਲ ਗਈ।












