ਪੰਜਾਬ ਰਾਜ ਵਿੱਚ ਸਮੇਂ ਤੋਂ ਪਹਿਲਾਂ ਗਰਮੀ ਪੈਣ ਕਾਰਨ ਲੋਕਾਂ ਵੱਲੋਂ ਘਰਾਂ ਵਿੱਚ ਕੂਲਰ ਆਦਿ ਵਰਤਣ ਕਾਰਨ ਡੇਂਗੂ ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਜਿਸਨੂੰ ਧਿਆਨ ਵਿੱਚ ਰੱਖਦਿਆਂ ਡਾ. ਸਿੰਗਲਾ ਨੇ ਕਿਹਾ ਕਿ ਸਾਨੂੰ ਹੁਣ ਤੋਂ ਹੀ ਚੌਕਸ ਹੋਣ ਦੀ ਲੋੜ ਹੈ।ਡੇਂਗੂ ਦੀ ਰੋਕਥਾਮ ਲਈ ਗਠਿਤ ਸਟੇਟ ਟਾਸਕ ਫੋਰਸ ਕਮੇਟੀ ਦੀ ਮੀਟਿਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਰਾਜ ਵਿੱਚ ਡੇਂਗੂ ਦੀ ਰੋਕਥਾਮ ਲਈ ਡਾ. ਵਿਜੈ ਸਿੰਗਲਾ ਵੱਲੋਂ ਸੂਬੇ ਵਿੱਚ ਫੋਗਿੰਗ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ। ਇਸ ਮੌਕੇ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਤਿਆਰ ਕੀਤਾ ਗਿਆ ਪੋਸਟਰ ਸਿਹਤ ਮੰਤਰੀ ਵੱਲੋਂ ਜਾਰੀ ਕੀਤਾ ਗਿਆ।

ਉਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕਰੱਬਟਾਈਫਸ ਅਤੇ ਲੈਪਟੋਸਪਾਈਰੋਸਿਸ ਦੇ ਲੱਛਣ ਵੀ ਡੇਂਗੂ ਵਰਗੇ ਹੁੰਦੇ ਹਨ, ਪਰੰਤੂ ਇਸ ਨਾਲ ਸਰੀਰ ਦੇ ਦੂਸਰੇ ਅੰਗਾਂ ਤੇ ਜ਼ਿਆਦਾ ਅਸਰ ਹੁੰਦਾ ਹੈ ਅਤੇ ਬੀਤੇ ਵਰੇ ਸੂਬੇ ਵਿੱਚ ਇਨਾਂ ਦੋਵੇਂ ਰੋਗਾਂ ਨਾਲ ਵੀ ਕੁਝ ਮੌਤਾਂ ਹੋਈਆਂ ਸਨ। ਇਸ ਲਈ ਸਾਨੂੰ ਇਨਾਂ ਦੋਵੇਂ ਰੋਗਾਂ ਨੂੰ ਫੈਲਣ ਤੋਂ ਰੋਕਣ ਲਈ ਵੀ ਵਿਸ਼ੇਸ਼ ਧਿਆਨ ਦੇਣ ਦੀ ਵੀ ਲੋੜ ਹੈ।

ਡਾ. ਸਿੰਗਲਾ ਨੇ ਕਿਹਾ ਕਿ ਜਿੱਥੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਫੋਗਿੰਗ ਦੇ ਕਾਰਜ ਵਿੱਚ ਤੇਜ਼ੀ ਲਿਆਂਦੀ ਜਾਵੇ ਉਥੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨਾਂ ਕਿਹਾ ਕਿ ਬੱਚਿਆਂ ਰਾਹੀਂ ਅਸੀਂ ਡੇਂਗੂ ਤੋਂ ਬਚਾਅ ਸਬੰਧੀ ਹਰੇਕ ਪਰਿਵਾਰ ਨੂੰ ਜਾਗਰੂਕ ਕਰ ਸਕਦੇ ਹਾਂ। ਇਸ ਲਈ ਸਕੂਲਾਂ ਵਿੱਚ ਵਿਸ਼ੇਸ਼ ਤੌਰ ਤੇ ਡੇਂਗੂ ਰੋਕਥਾਮ ਸਬੰਧੀ ਜਾਗਰੂਕ ਕੈਂਪ ਲਗਾਏ ਜਾਣ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਦੀ ਰੋਕਥਾਮ ਸਬੰਧੀ ਚਲਾਈ ਜਾਣ ਵਾਲੀ ਮੁਹਿੰਮ ਵਿੱਚ ਐਨ.ਜੀ.ਓਜ. ਨੂੰ ਵੀ ਸ਼ਾਮਲ ਕੀਤਾ ਜਾਵੇ।
ਡਾ. ਸਿੰਗਲਾ ਨੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਜਿੱਥੇ ਜਿੱਥੇ ਵੀ ਰਾਜ ਸਰਕਾਰ ਵੱਲੋਂ ਪਾਣੀ ਸਾਫ ਕਰਨ ਲਈ ਆਰ.ਓ. ਸਿਸਟਮ ਲਗਾਏ ਗਏ ਸਨ, ਜੇਕਰ ਉਹ ਖਰਾਬ ਪਏ ਹਨ ਤਾਂ ਉਨਾਂ ਨੂੰ ਵੀ ਤੁਰੰਤ ਠੀਕ ਕਰਵਾਇਆ ਜਾਵੇ।












