ਭਾਰਤੀ ਵੇਟਲਿਫਟਰਾਂ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੋਇਆ ਹੈ। ਪੁਰਸ਼ਾਂ ਦੇ 73 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਅਚਿੰਤਾ ਸ਼ੁਲੀ ਨੇ ਸੋਨ ਤਗ਼ਮਾ ਜਿੱਤਿਆ। ਇਸ ਈਵੈਂਟ ਵਿੱਚ ਭਾਰਤ ਦਾ ਇਹ ਤੀਜਾ ਸੋਨ ਤਗ਼ਮਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਅਚਿੰਤਾ ਸ਼ੂਲੀ ਨੂੰ ਵਧਾਈ ਦਿੱਤੀ ਹੈ।

ਮੁਖ ਮੰਤਰੀ ਮਾਨ ਨੇ ਲਿਖਿਆ ਕਿ “ਇੱਕ ਹੋਰ ਗੋਲਡ! ਰਾਸ਼ਟਰਮੰਡਲ ਖੇਡਾਂ ‘ਚ ਅਚਿੰਤਾ ਨੂੰ ਸੋਨ ਤਮਗਾ ਜਿੱਤਣ ‘ਤੇ ਵਧਾਈਆ। ਵੇਟ ਲਿਫਟਿੰਗ ‘ਚ ਇਸ ਵਾਰ ਸਾਡੇ ਖਿਡਾਰੀਆਂ ਨੇ ਕਮਾਲ ਕੀਤਾ ਹੈ।ਹੁਣ ਤੱਕ ਤਿੰਨੋਂ ਸੋਨ ਤਮਗੇ ਵੇਟ ਲਿਫਟਿੰਗ ‘ਚ ਆਏ ਹਨ। ਸਾਰਿਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ,ਚੱਕਦੇ ਇੰਡੀਆ।”
ਦੱਸ ਦਈਏ ਕਿ ਦੇਸ਼ ਲਈ ਤੀਜਾ ਸੋਨ ਤਮਗਾ ਜਿੱਤਣ ਵਾਲੇ ਵੇਟਲਿਫਟਰ ਅਚਿੰਤਾ ਸ਼ਿਉਲੀ (73 ਕਿਲੋਗ੍ਰਾਮ) ਨੇ ਆਪਣੀ ਸਫਲਤਾ ਦਾ ਸਿਹਰਾ ਵੱਡੇ ਭਰਾ ਆਲੋਕ, ਮਾਂ ਪੂਰਨਿਮਾ ਅਤੇ ਕੋਚ ਨੂੰ ਦਿੱਤਾ ਹੈ। ਹੁਗਲੀ ਦੇ ਰਹਿਣ ਵਾਲੇ ਅਚਿੰਤਾ ਦਾ ਕਹਿਣਾ ਹੈ ਕਿ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਸ ਦੇ ਵੱਡੇ ਭਰਾ ਆਲੋਕ ਨੇ ਆਪਣੇ ਸੁਪਨਿਆਂ ਨੂੰ ਅੱਧ ਵਿਚਕਾਰ ਹੀ ਛੱਡ ਦਿੱਤਾ।












