ਮੁਰਾਦਾਬਾਦ, 26 ਅਗਸਤ, ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਬੀਤੀ ਦੇਰ ਸ਼ਾਮ ਬਹੁ-ਮੰਜ਼ਿਲਾਂ ਇਮਾਰਤ ਵਿੱਚ ਅੱਗ ਲੱਗਣ ਕਾਰਨ ਇਕ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮੁਰਾਦਾਬਾਦ ਦੇ ਗਲਸ਼ਹੀਦ ਥਾਣਾ ਖੇਤਰ ਦੇ ਅਸਲਤਪੁਰਾ ’ਚ ਵੀਰਵਾਰ ਦੇਰ ਸ਼ਾਮ ਨੂੰ ਬਹੁ-ਮੰਜ਼ਿਲਾਂ ਇਮਾਰਤ ਦੇ ਕਬਾੜੀਆ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕਬਾੜੀਏ ਅਯਾਜ਼ ਕੁਰੈਸ਼ੀ ਦੀ ਪਤਨੀ ਸ਼ਮਾ ਪਰਵੀਨ, ਬੇਟਾ ਇਬਾਦ, ਬੇਟੀ ਨਾਫੀਆ, ਮਾਂ ਕਮਰ ਆਰਾ ਅਤੇ ਭਾਣਜੀ ਉਮੈਮਾ ਅੱਗ ਦੀ ਲਪੇਟ ‘ਚ ਆ ਗਈਆਂ।

ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਪੁਰਾਣੇ ਟਾਇਰਾਂ ਦੇ ਸਕਰੈਪ ਦਾ ਗੋਦਾਮ ਬਣਾਇਆ ਹੋਇਆ ਸੀ। ਅੱਗ ਲੱਗਣ ਦਾ ਪਤਾ ਲਗਦਿਆਂ ਹੀ ਫਾਇਰ ਬਿਗ੍ਰੇਡ ਮੌਕੇ ਉਤੇ ਪਹੁੰਚ ਗਈ ਕਰੀਬ 40 ਮਿੰਟ ਤੱਕ ਫਾਇਰਫਾਈਟਰਜ਼ ਨੇ ਘਰ ‘ਤੇ ਪਾਣੀ ਦੀਆਂ ਬੌਛਾਰਾਂ ਚਲਾਈਆਂ। ਇਸ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਅੱਗ ‘ਚ ਫਸੇ 5 ਲੋਕਾਂ ਨੂੰ ਬਚਾ ਕੇ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੇ ਸਾਹ ਰੁਕ ਚੁੱਕੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਅਯਾਜ਼ ਕੁਰੈਸ਼ੀ ਦੇ ਘਰ ਦੀ ਹੇਠਲੀ ਮੰਜ਼ਿਲ ‘ਤੇ ਸਕਰੈਪ ਦਾ ਗੋਦਾਮ ਬਣਿਆ ਹੋਇਆ ਹੈ। ਜਿਸ ਵਿੱਚ ਟਾਇਰ ਵੀ ਰੱਖੇ ਹੋਏ ਸਨ। ਚੀਫ਼ ਫਾਇਰ ਅਫ਼ਸਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਜਾਪਦੀ ਹੈ। ਗੋਦਾਮ ਵਿੱਚ ਟਾਇਰ ਰੱਖੇ ਹੋਣ ਕਾਰਨ ਅੱਗ ਦੀਆਂ ਲਪਟਾਂ ਵੱਧ ਗਈਆਂ ਅਤੇ ਅੱਗ ਨੇ ਭਿਆਨਕ ਰੂਪ ਧਾਰ ਲਿਆ।












