ਆਸਟਰੇਲੀਆ ਦੀ ਟੀਮ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਪਰਖਣ ਲਈ ਭਾਰਤ ਦਾ ਦੌਰਾ ਕਰ ਰਹੀ ਹੈ। ਦੋਵਾਂ ਟੀਮਾਂ ਵਿਚਾਲੇ 20 ਸਤੰਬਰ ਤੋਂ ਟੀ-20 ਸੀਰੀਜ਼ ਹੋਵੇਗੀ। ਸੀਰੀਜ਼ ਦਾ ਪਹਿਲਾ ਮੈਚ 20 ਸਤੰਬਰ ਨੂੰ ਮੋਹਾਲੀ ਦੇ ਆਈਐੱਸ ਬਿੰਦਰਾ ਸਟੇਡੀਅਮ ‘ਚ ਖੇਡਿਆ ਜਾਵੇਗਾ। ਕੋਵਿਡ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਸ਼ੰਸਕਾਂ ਦੇ ਦਾਖਲੇ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਸ ਮੈਚ ਲਈ 27 ਹਜ਼ਾਰ ਦੀ ਸਮਰੱਥਾ ਵਾਲਾ ਸਟੇਡੀਅਮ ਹਾਊਸਫੁੱਲ ਹੋ ਸਕਦਾ ਹੈ। ਮੈਚ ਡੇ-ਨਾਈਟ ਹੋਵੇਗਾ ਅਤੇ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਇਸ ਸਾਲ ਮਾਰਚ ‘ਚ ਮੋਹਾਲੀ ‘ਚ ਭਾਰਤ ਬਨਾਮ ਸ਼੍ਰੀਲੰਕਾ ਟੈਸਟ ਮੈਚ ਹੋਇਆ ਸੀ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੀਈਓ ਦੀਪਕ ਸ਼ਰਮਾ ਨੇ ਕਿਹਾ ਕਿ ਇਸ ਵਾਰ ਪ੍ਰਸ਼ੰਸਕਾਂ ਲਈ ਕੋਈ ਰੋਕ ਨਹੀਂ ਹੈ। ਅਸੀਂ ਤਿਆਰੀ ਕਰ ਰਹੇ ਹਾਂ ਤਾਂ ਜੋ ਪ੍ਰਸ਼ੰਸਕ ਪੂਰੀ ਤਰ੍ਹਾਂ ਸੁਰੱਖਿਅਤ ਮਾਹੌਲ ‘ਚ ਮੈਚ ਦੇਖ ਸਕਣ। ਭਾਰਤੀ ਟੀਮ ਇਸ ਸਮੇਂ ਏਸ਼ੀਆ ਕੱਪ ਖੇਡ ਰਹੀ ਹੈ, ਜਿਸ ਦਾ ਫਾਈਨਲ ਮੈਚ 11 ਸਤੰਬਰ ਨੂੰ ਹੋਣਾ ਹੈ। ਇਸ ਤੋਂ ਬਾਅਦ ਖਿਡਾਰੀਆਂ ਨੂੰ ਕੁਝ ਦਿਨ ਆਰਾਮ ਦਿੱਤਾ ਜਾਵੇਗਾ। ਟੀਮ ਇੰਡੀਆ 16 ਸਤੰਬਰ ਨੂੰ ਮੋਹਾਲੀ ਪਹੁੰਚ ਸਕਦੀ ਹੈ। ਆਸਟਰੇਲੀਆ ਦੇ ਆਉਣ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ ਪਰ ਸੰਭਾਵਨਾ ਹੈ ਕਿ ਉਹ ਵੀ ਭਾਰਤੀ ਟੀਮ ਦੇ ਨਾਲ ਮੋਹਾਲੀ ਪਹੁੰਚਣਗੇ।












