ਚੰਡੀਗੜ, 12 ਸਤੰਬਰ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਤੀ ਦੇਰ ਸ਼ਾਮ ਨਿਸ਼ਾਨੇਬਾਜ਼ਾਂ ਦੇ ਸਨਮਾਨ ਸਮਾਰੋਹ ਦੌਰਾਨ ਕਿਹਾ ਕਿ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਨਿਸ਼ਾਨੇਬਾਜ਼ੀ ਭਾਰਤ ਦੀ ਅਹਿਮ ਖੇਡ ਬਣ ਗਈ ਹੈ ਅਤੇ ਦੇਸ਼ ਇਸ ਖੇਡ ਵਿੱਚ ਵਿਸ਼ਵ ਸ਼ਕਤੀ ਵਜੋਂ ਉਭਰਿਆ ਹੈ। ਪਿਛਲੇ 18-20 ਸਾਲਾਂ ਦੇ ਅਰਸੇ ਦੌਰਾਨ ਭਾਰਤ ਨੇ ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਕਈ ਤਮਗੇ ਜਿੱਤੇ ਹਨ। ਮੀਤ ਹੇਅਰ ਨੇ ਕਿਹਾ ਕਿ ਤੇਜ਼ੀ ਨਾਲ ਤਰੱਕੀ ਕਰ ਰਹੀ ਹੈ ਇਸ ਖੇਡ ਵਿੱਚ ਪੰਜਾਬ ਦੇਸ਼ ਦੀ ਅਗਵਾਈ ਕਰੇਗਾ ਅਤੇ 2024 ਵਿੱਚ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਭਾਰਤ ਬਿਹਤਰ ਪ੍ਰਦਰਸ਼ਨ ਦਿਖਾਏਗਾ।

ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਦੀ ਪਹਿਲੀ ਵਿਸ਼ਵ ਰੈਂਕਿੰਗ ਦੇ ਸਬੰਧ ਵਿੱਚ ਅੰਕੁਸ਼ ਭਾਰਦਵਾਜ ਸਪੋਰਟਸ ਫਾਊਡੇਸ਼ਨ ਵੱਲੋਂ ਅੰਬਿਕਾ ਗਰੁੱਪ ਦੇ ਸਹਿਯੋਗ ਨਾਲ ਕਰਵਾਏ ਸਨਮਾਨ ਸਮਾਰੋਹ ਸਮਾਗਮ ਦੌਰਾਨ ਖੇਡ ਮੰਤਰੀ ਨੇ ਅੰਜੁਮ ਮੌਦਗਿਲ ਸਮੇਤ ਦੇਸ਼ ਦੇ ਨਾਮੀਂ ਨਿਸ਼ਾਨੇਬਾਜ਼ਾਂ ਗੌਰੀ, ਅਜਿਤੇਸ਼ ਕੌਸ਼ਲ, ਵਿਜੈਵੀਰ ਸਿੱਧੂ, ਉਦੇਵੀਰ ਸਿੱਧੂ, ਵਿਸ਼ਵਾਜੀਤ ਸਿੰਘ, ਸਿਫ਼ਤ ਕੌਰ, ਉਨੀਸ਼, ਸ਼ਿਖਾ ਚੌਧਰੀ, ਨੈਣਾ ਵਰਮਾ, ਸੋਮਿਲ ਚੌਧਰੀ, ਦਿਵੇਸ਼ ਵਰਮਾ, ਦੇਵਾਂਸ਼ ਤੇ ਮਨਰਾਜ ਅਤੇ ਕੋਚ ਦੀਪਾਲੀ ਦੇਸ਼ਪਾਂਡੇ ਸਣੇ ਪਰਵੀਨ ਵਰਮਾ, ਸੁਮੀਤ ਸੋਨੀ, ਅਮਿਤ ਸੂਦ, ਸਾਜਨ ਸ਼ਰਮਾ, ਅਸ਼ਵਨੀ ਸ਼ਰਮਾ ਨੂੰ ਸਨਮਾਨਤ ਕੀਤਾ।

ਮੀਤ ਹੇਅਰ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਹੋਏ ਵਿਸ਼ਵ ਕੱਪ ਵਿੱਚ ਅੰਜੁਮ ਮੌਦਗਿਲ, ਅਰਜੁਨ ਬਬੂਟਾ, ਸਿਫ਼ਤ ਕੌਰ, ਵਿਜੇਵੀਰ ਸਿੰਘ ਸਿੱਧੂ ਨੇ ਤਮਗੇ ਜਿੱਤੇ। ਅੰਜੁਮ ਮੌਦਗਿਲ ਦੀ ਨੰਬਰ ਇਕ ਵਿਸ਼ਵ ਰੈਂਕਿੰਗ ਹਾਸਲ ਕੀਤੀ ਸਮੁੱਚੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਸ ਮਹੀਨੇ ਹੋਣ ਵਾਲੀਆਂ ਕੌਮੀ ਖੇਡਾਂ ਵਿੱਚ ਜਿੱਥੇ ਸਾਡੇ ਪੰਜਾਬ ਦੇ 16 ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ ਉਥੇ ਅਕਤੂਬਰ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ 10 ਨਿਸ਼ਾਨੇਬਾਜ਼ ਹਿੱਸਾ ਲੈਣ ਜਾ ਰਹੇ ਹਨ। ਉਨਾਂ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਸਾਜਗਾਰ ਮਾਹੌਲ, ਵਧੀਆ ਖੇਡ ਮੈਦਾਨ, ਕੋਚ, ਖੇਡ ਸਮਾਨ ਅਤੇ ਡਾਈਟ ਦੇਣ ਉਤੇ ਕੰਮ ਕਰ ਰਹੀ ਹੈ। ਉਨਾਂ ਖਿਡਾਰੀਆਂ ਨੂੰ ਸਪਾਂਸਰ ਕਰਨ ਵਾਲਿਆਂ ਦਾ ਵੀ ਧੰਨਵਾਦ ਕੀਤਾ।












