ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਹਾਲ ਹੀ ਵਿੱਚ ਮਹਿਲਾ ਅਤੇ ਪੁਰਸ਼ ਕ੍ਰਿਕਟਰਾਂ ਦੀ ਤਨਖਾਹ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਬੀਸੀਸੀਆਈ ਦੀ ਨਵੀਂ ਨੀਤੀ ਤਹਿਤ ਹੁਣ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਲਈ ਮੈਚ ਫੀਸ ਬਰਾਬਰ ਹੋਵੇਗੀ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇਸ ਬਾਰੇ ਟਵੀਟ ਕੀਤਾ ਹੈ। ਇਸ ਦੇ ਨਾਲ ਹੀ ਬੀਸੀਸੀਆਈ ਨੇ ਵੀ ਇਸੇ ਟਵੀਟ ਨੂੰ ਰੀਟਵੀਟ ਕੀਤਾ ਹੈ।

ਉਨ੍ਹਾਂ ਲਿਖਿਆ ਕਿ ਹੁਣ ਭਾਰਤੀ ਮਹਿਲਾ ਕ੍ਰਿਕਟਰਾਂ ਨੂੰ ਪੁਰਸ਼ ਕ੍ਰਿਕਟਰਾਂ ਦੇ ਬਰਾਬਰ ਮੈਚ ਫੀਸ ਅਦਾ ਕੀਤੀ ਜਾਵੇਗੀ। ਮੈਚ ਫੀਸ ਟੈਸਟ ਲਈ 15 ਲੱਖ ਰੁਪਏ, ਵਨਡੇ ਲਈ 6 ਲੱਖ ਰੁਪਏ ਅਤੇ ਟੀ-20 ਲਈ 3 ਲੱਖ ਰੁਪਏ ਹੋਵੇਗੀ। ਦੱਸ ਦਈਏ ਕਿ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਦੋਵਾਂ ਲਈ ਮੈਚ ਫੀਸ ਬਰਾਬਰ ਰੱਖਣ ਦੇ ਨਿਯਮ ਨੂੰ ਬਰਾਬਰੀ ਦੇ ਅਧਿਕਾਰ ਤਹਿਤ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਨਾਲ ਮਹਿਲਾ ਕ੍ਰਿਕਟਰਾਂ ਦਾ ਮਨੋਬਲ ਵਧੇਗਾ।












