ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਐਤਵਾਰ ਨੂੰ ਆਖਰੀ ਲੀਗ ਮੈਚ ਵਿੱਚ ਭਾਰਤ ਨੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ। ਹੁਣ ਸੈਮੀਫਾਈਨਲ ‘ਚ ਭਾਰਤੀ ਟੀਮ 10 ਨਵੰਬਰ ਨੂੰ ਐਡੀਲੇਡ ‘ਚ ਇੰਗਲੈਂਡ ਨਾਲ ਭਿੜੇਗੀ।
ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 186 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਨੇ 25 ਗੇਂਦਾਂ ਵਿੱਚ 61 ਦੌੜਾਂ ਬਣਾਈਆਂ। ਉਸ ਦਾ ਸਟ੍ਰਾਈਕ ਰੇਟ 244 ਸੀ। ਇਸ ਦੌਰਾਨ ਉਨ੍ਹਾਂ ਨੇ 6 ਚੌਕੇ ਅਤੇ 4 ਛੱਕੇ ਲਗਾਏ। ਕੇਐਲ ਰਾਹੁਲ ਨੇ ਵੀ 35 ਗੇਂਦਾਂ ਵਿੱਚ 51 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਸੀਨ ਵਿਲੀਅਮਸ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।
ਜਵਾਬ ‘ਚ ਜ਼ਿੰਬਾਬਵੇ ਦੀ ਟੀਮ 17.2 ਓਵਰਾਂ ‘ਚ 115 ਦੌੜਾਂ ‘ਤੇ ਆਲ ਆਊਟ ਹੋ ਗਈ। ਅਸ਼ਵਿਨ ਨੇ 3 ਵਿਕਟਾਂ ਲਈਆਂ। ਹਾਰਦਿਕ ਪੰਡਯਾ ਅਤੇ ਮੁਹੰਮਦ ਸ਼ਮੀ ਨੇ 2-2 ਵਿਕਟਾਂ ਹਾਸਲ ਕੀਤੀਆਂ।
ਭਾਰਤ ਨੇ ਗਰੁੱਪ-2 ‘ਚ ਆਪਣੇ 5 ਮੈਚਾਂ ‘ਚੋਂ 4 ਜਿੱਤੇ ਅਤੇ 8 ਅੰਕਾਂ ਨਾਲ ਨੰਬਰ 1 ‘ਤੇ ਰਿਹਾ। ਇਸ ਗਰੁੱਪ ਤੋਂ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਪਾਕਿਸਤਾਨ ਸੀ। ਉਸ ਦੇ 5 ਮੈਚਾਂ ‘ਚ 6 ਅੰਕ ਹਨ। ਗਰੁੱਪ 1 ਵਿੱਚ ਨਿਊਜ਼ੀਲੈਂਡ ਪਹਿਲੇ ਅਤੇ ਇੰਗਲੈਂਡ ਦੂਜੇ ਸਥਾਨ ‘ਤੇ ਰਿਹਾ।












