ਅੱਜ-ਕੱਲ੍ਹ ਹਰ ਕੋਈ ਸੁੰਦਰ, ਸੰਘਣੇ ਅਤੇ ਲੰਬੇ ਵਾਲ ਚਾਹੁੰਦਾ ਹੈ। ਵਾਲ ਨਾ ਸਿਰਫ਼ ਚਿਹਰੇ ਦੀ ਸੁੰਦਰਤਾ ਨੂੰ ਵਧਾਉਂਦੇ, ਸਗੋਂ ਸਮੁੱਚੇ ਰੂਪ ਲਈ ਵਾਲ ਵੀ ਮਹੱਤਵਪੂਰਨ ਹੁੰਦੇ ਹਨ। ਅੱਜ ਕੱਲ੍ਹ ਵਾਲ ਝੜਨਾ ਇੱਕ ਆਮ ਸਮੱਸਿਆ ਬਣ ਗਈ ਹੈ। ਜ਼ਿਆਦਾਤਰ ਲੋਕ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਕਈ ਕਾਰਨ ਹਨ। ਪ੍ਰਦੂਸ਼ਣ ਦਾ ਪੱਧਰ ਬਹੁਤ ਵੱਧ ਗਿਆ ਹੈ, ਜਿਸ ਕਾਰਨ ਵਾਲਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ। ਜੰਕ ਫੂਡ ਖਾਣ ਨਾਲ ਪੇਟ ਦੀ ਗਰਮੀ ਵਧਦੀ ਹੈ ਅਤੇ ਇਸ ਦਾ ਅਸਰ ਵਾਲਾਂ 'ਤੇ ਪੈਂਦਾ ਹੈ। ਵਾਲਾਂ ਦੇ ਫੈਸ਼ਨ ਵਿੱਚ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਇਹ ਟੁੱਟ ਵੀ ਜਾਂਦੇ ਹਨ। ਇਸ ਤੋਂ ਇਲਾਵਾ ਮਾਨਸਿਕ ਦਬਾਅ ਵੀ ਸਿਹਤਮੰਦ ਵਾਲਾਂ ਨੂੰ ਪ੍ਰਭਾਵਿਤ ਕਰਦਾ ਹੈ। ਸਾਨੂੰ ਵਾਲਾਂ ਦੀ ਵੀ ਉਸੇ ਤਰ੍ਹਾਂ ਹੀ ਦੇਖਭਾਲ ਕਰਨੀ ਚਾਹੀਦੀ ਹੈ, ਜਿਵੇਂ ਅਸੀ ਸਰੀਰ ਦੇ ਦੂਜੇ ਹਿੱਸਿਆਂ ਦੀ ਕਰਦੇ ਹਾਂ। ਵਾਲਾਂ ਦੀ ਦੇਖਭਾਲ ਲਈ ਮਹਿੰਗੇ ਹੇਅਰ ਉਤਪਾਦ ਅਤੇ ਸਪਾ ਹੀ ਨਹੀਂ ਹਨ। ਵਾਲਾਂ ਨੂੰ ਪੋਸ਼ਣ ਦੇਣ ਲਈ ਤੁਹਾਨੂੰ ਆਪਣੀ ਖੁਰਾਕ ਨੂੰ ਵੀ ਬਦਲਣ ਦੀ ਲੋੜ ਹੈ। ਸੰਘਣੇ ਅਤੇ ਸੁੰਦਰ ਵਾਲਾਂ ਲਈ ਪੋਸ਼ਣ ਭਰਪੂਰ ਭੋਜਨ ਵੀ ਜ਼ਰੂਰੀ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਕਿ ਕਿਹੜੇ ਭੋਜਨ ਤੁਹਾਡੇ ਵਾਲਾਂ ਨੂੰ ਬਿਹਤਰ ਬਣਾ ਸਕਦੇ ਹਨ।
1.. ਵਾਲਾਂ ਦੇ ਵਿਕਾਸ ਲਈ ਪ੍ਰੋਟੀਨ ਖਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਵਾਲਾਂ ਦੇ ਰੋਮ ਜ਼ਿਆਦਾਤਰ ਪ੍ਰੋਟੀਨ ਨਾਲ ਬਣੇ ਹੁੰਦੇ ਹਨ, ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀ ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਪ੍ਰੋਟੀਨ ਨਾਲ ਭਰਪੂਰ ਭੋਜਨ ਦਾ ਸੇਵਨ ਵਧਾਏ। ਜੇਕਰ ਤੁਸੀਂ ਪ੍ਰੋਟੀਨ ਦੀ ਸਹੀ ਮਾਤਰਾ ਦਾ ਸੇਵਨ ਨਹੀਂ ਕਰ ਰਹੇ ਹੋ ਤਾਂ ਤੁਹਾਡੇ ਵਾਲ ਝੜ ਸਕਦੇ ਹਨ। ਅੰਡੇ, ਚਿਕਨ, ਮੱਛੀ, ਦਾਲ ਅਤੇ ਡੇਅਰੀ ਉਤਪਾਦ ਪ੍ਰੋਟੀਨ ਦੇ ਸਭ ਤੋਂ ਵਧੀਆ ਸਰੋਤ ਹਨ।
2.. ਸਰੀਰ ਵਿੱਚ ਆਇਰਨ ਦੀ ਕਮੀ ਵਾਲ ਝੜਨ ਦਾ ਕਾਰਨ ਹੋ ਸਕਦੀ ਹੈ। ਇਹ ਵਾਲਾਂ ਲਈ ਸਭ ਤੋਂ ਮਹੱਤਵਪੂਰਨ ਖਣਿਜ ਹੈ। ਜਦੋਂ ਆਇਰਨ ਦਾ ਪੱਧਰ ਘੱਟ ਜਾਂਦਾ ਹੈ, ਤਾਂ ਤੁਹਾਨੂੰ ਅਨੀਮੀਆ ਦਾ ਅਨੁਭਵ ਹੋ ਸਕਦਾ ਹੈ। ਆਪਣੀ ਖੁਰਾਕ ਵਿੱਚ ਆਇਰਨ ਜਾਂ ਆਇਰਨ ਸਪਲੀਮੈਂਟਸ ਸ਼ਾਮਲ ਕਰੋ। ਦਾਲ, ਪਾਲਕ, ਚਿਕਨ, ਮੱਛੀ, ਬਰੋਕਲੀ ਅਤੇ ਸਾਗ ਆਇਰਨ ਦੇ ਪ੍ਰਮੁੱਖ ਸਰੋਤ ਹਨ।
3.. ਅਮਰੂਦ ਖਾਣਾ ਸਿਹਤਮੰਦ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ’ਚ ਵਿਟਾਮਿਨ-ਸੀ ਹੁੰਦਾ ਹੈ, ਜੋ ਵਾਲਾਂ ਨੂੰ ਟੁੱਟਣ ਤੋਂ ਰੋਕਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਗੁਣ ਵੀ ਹੁੰਦੇ ਹਨ ਜੋ ਵਾਲਾਂ ’ਤੇ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘੱਟ ਕਰਦੇ ਹਨ। ਇਹ ਤੁਹਾਡੇ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ।
4.. ਵਿਟਾਮਿਨ-ਸੀ ਆਇਰਨ ਨੂੰ ਸੋਖਣ ਵਿੱਚ ਮਦਦ ਕਰਦਾ ਹੈ। ਵਿਟਾਮਿਨ ਸੀ ਕੋਲੇਜਨ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ ਜੋ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ। ਬਲੂਬੇਰੀ, ਬਰੋਕਲੀ, ਅਮਰੂਦ, ਕੀਵੀ ਫਲ, ਸੰਤਰਾ, ਪਪੀਤਾ, ਸਟ੍ਰਾਬੇਰੀ ਅਤੇ ਮਿੱਠੇ ਆਲੂ ਵਿਟਾਮਿਨ ਸੀ ਦੇ ਵਧੀਆ ਸਰੋਤ ਹਨ।












