ਨਵੀਂ ਦਿੱਲੀ, 26 ਦਸੰਬਰ 2021 – “ਸਰਕਾਰ ਕੋਲ ਦੁਬਾਰਾ ਖੇਤੀ ਕਾਨੂੰਨ ਲਿਆਉਣ ਦਾ ਕੋਈ ਵਿਚਾਰ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕੀਤਾ ਹੈ।
ਉਹਨਾਂ ਨੇ ਕਿਹਾ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਸਾਨਾਂ ਦੇ ਸਨਮਾਨ ਦੀ ਰਾਖੀ ਲਈ ਖੇਤੀਬਾੜੀ ਸੁਧਾਰ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਕਾਂਗਰਸ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਭੰਬਲਭੂਸਾ ਫੈਲਾਉਣ ਦਾ ਨਾਂਹ-ਪੱਖੀ ਕੰਮ ਕਰਦੀ ਹੈ। ਕਿਸਾਨਾਂ ਨੂੰ ਇਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ।”
ਹਾਲਾਂਕਿ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਨਾਗਪੁਰ ‘ਚ ਕਿਹਾ ਸੀ ਕਿ ਅਸੀਂ ਖੇਤੀ ਸੁਧਾਰ ਬਿੱਲ ਲਿਆਏ ਸੀ। ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ, ਪਰ ਇਹ ਆਜ਼ਾਦੀ ਦੇ 70 ਸਾਲਾਂ ਬਾਅਦ ਸਾਡੀ ਸਰਕਾਰ ਵੱਲੋਂ ਇੱਕ ਵੱਡਾ ਸੁਧਾਰ ਸੀ। ਉਨ੍ਹਾਂ ਕਿਹਾ ਕਿ ਇਹ ਸੁਧਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅੱਗੇ ਵਧਿਆ ਸੀ। ਨਰੇਂਦਰ ਸਿੰਘ ਤੋਮਰ ਨੇ ਕਿਹਾ ਸੀ ਕਿ ਸਰਕਾਰ ਨਿਰਾਸ਼ ਨਹੀਂ ਹੈ, ਅਸੀਂ ਇੱਕ ਕਦਮ ਪਿੱਛੇ ਹਟ ਗਏ ਹਾਂ, ਅਸੀਂ ਅੱਗੇ ਵਧਾਂਗੇ, ਕਿਉਂਕਿ ਭਾਰਤ ਦਾ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਜੇਕਰ ਕਿਸਾਨ ਮਜ਼ਬੂਤ ਹੋਵੇਗਾ ਤਾਂ ਦੇਸ਼ ਜ਼ਰੂਰ ਮਜ਼ਬੂਤ ਹੋਵੇਗਾ।
ਜਿਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਲੀਡਰ ਰਣਦੀਪ ਸੁਰਜੇਵਾਲਾ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਬਿਆਨ ‘ਤੇ ਸਵਾਲ ਚੁੱਕੇ ਸਨ। ਰਣਦੀਪ ਸੁਰਜੇਵਾਲਾ ਨੇ ਕਿਸਾਨ ਵਿਰੋਧੀ ਸਾਜ਼ਿਸ਼ ਦਾ ਖਦਸ਼ਾ ਪ੍ਰਗਟਾਇਆ ਸੀ ਅਤੇ ਕਿਹਾ ਸੀ ਕਿ ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਚੋਣਾਂ ਤੋਂ ਬਾਅਦ ਕਿਸਾਨਾਂ ‘ਤੇ ਫਿਰ ਹਮਲਾ ਕੀਤਾ ਜਾਵੇਗਾ।












