ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਦੇ ਚੋਟੀ ਦੇ ਇਕ ਫ਼ੌਜੀ ਕਮਾਂਡਰ ਨੇ ਪਾਕਿਸਤਾਨ ਨੂੰ ਅਫਗਾਨਿਸਤਾਨ ਵੱਲ ਗੋਲੀਬਾਰੀ ਕਰਨ ਵਿਰੁੱਧ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਇਸਲਾਮਾਬਾਦ ਨਾ ਰੁਕਿਆ ਤਾਂ ਕਾਬੁਲ ਜਵਾਬ ਦੇਣ ਲਈ ਤਿਆਰ ਹੈ।ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ।
ਰਿਪੋਰਟ ਮੁਤਾਬਕ 201 ਖਾਲਿਦ ਬਿਨ ਵਲੀਦ ਕੋਰ ਦੇ ਕਮਾਂਡਰ ਅਬੂ ਡੋਜਾਨਾ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧਾਂ ਦੀ ਮੰਗ ਕਰਨ ਦੇ ਬਾਵਜੂਦ ਤਾਲਿਬਾਨ ਦੀਆਂ ਫੌਜਾਂ ਕੋਲ ਕਿਸੇ ਵੀ ਉਕਸਾਵੇ ਦੀ ਸਥਿਤੀ ਵਿੱਚ ਅਫਗਾਨਿਸਤਾਨ ਦੀ ਰੱਖਿਆ ਕਰਨ ਲਈ ਫ਼ੌਜੀ ਉਪਕਰਣ ਵੀ ਹਨ।ਉਨ੍ਹਾਂ ਨੇ ਕਿਹਾ ਕਿ ਇਹ ਕੀਮਤੀ ਮਿੱਟੀ ਹੈ। ਅਸੀਂ ਇਸ ਲਈ ਵੱਡੀ ਕੁਰਬਾਨੀ ਦਿੱਤੀ ਹੈ। ਅਸੀਂ ਚੰਗੇ ਗੁਆਂਢੀ ਬਣਨਾ ਚਾਹੁੰਦੇ ਹਾਂ ਪਰ ਜੇਕਰ ਉਹ ਸਾਡੀ ਧਰਤੀ ‘ਤੇ ਹਮਲਾ ਕਰਦੇ ਰਹਿਣਗੇ ਤਾਂ ਅਸੀਂ ਉਨ੍ਹਾਂ ਨੂੰ ਨਿਸ਼ਚਿਤ ਤੌਰ ‘ਤੇ ਜ਼ਰੂਰ ਜਵਾਬ ਦੇਵਾਂਗੇ।ਕਮਾਂਡਰ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਕੁਨਾਰ ਦੇ ਵਸਨੀਕਾਂ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਪਿਛਲੇ ਦੋ ਹਫ਼ਤਿਆਂ ਤੋਂ ਸੂਬੇ ਦੇ ਕਈ ਹਿੱਸਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।












