ਨਵੀਂ ਦਿੱਲੀ— ਇਨ੍ਹੀਂ ਦਿਨੀਂ ਬਾਕਸ ਆਫਿਸ ‘ਤੇ ਤਾਰੀਫਾਂ ਹਾਸਲ ਕਰ ਰਹੀ ਫਿਲਮ ‘ਯਸ਼ੋਦਾ’ ਮੁਸੀਬਤ ‘ਚ ਘਿਰ ਗਈ ਹੈ। ਫਿਲਮ ‘ਤੇ ਮਾਣਹਾਨੀ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਦੱਖਣ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸਮੰਥਾ ਰੂਥ ਪ੍ਰਭੂ ਫਿਲਮ ‘ਯਸ਼ੋਦਾ’ ‘ਚ ਮੁੱਖ ਭੂਮਿਕਾ ‘ਚ ਹੈ। ਇਹ ਫਿਲਮ ਹਾਲ ਹੀ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਜਿਸ ਦੀ ਦਰਸ਼ਕਾਂ ਸਮੇਤ ਫਿਲਮ ਸਮੀਖਿਅਕਾਂ ਵਲੋਂ ਖੂਬ ਤਾਰੀਫ ਕੀਤੀ ਗਈ ਹੈ ਪਰ ਫਿਲਮ ‘ਯਸ਼ੋਦਾ’ ਕਾਨੂੰਨੀ ਮੁਸੀਬਤ ‘ਚ ਫਸਣ ਤੋਂ ਬਾਅਦ ਹੁਣ ਇਸ ਦੀ ਓਟੀਟੀ ਰਿਲੀਜ਼ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਹੈਦਰਾਬਾਦ ਦੇ ਇਕ ਡਾਕਟਰ ਨੇ ਸਮੰਥਾ ਰੂਥ ਪ੍ਰਭੂ ਦੇ ਖਿਲਾਫ ਆਪਣੀ ਫਿਲਮ ‘ਯਸ਼ੋਦਾ’ ਵਿਚ ਉਸ ਦੇ ਹਸਪਤਾਲ ਦਾ ਨਾਂ ਵਰਤਣ ਲਈ ਅਦਾਲਤ ਵਿਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਜਿਸ ਕਾਰਨ ਫਿਲਮ ਦੀ ਓਟੀਟੀ ਰਿਲੀਜ਼ ਹੁਣ 19 ਦਸੰਬਰ ਤੱਕ ਟਾਲ ਦਿੱਤੀ ਗਈ ਹੈ। ਜਦੋਂਕਿ ਸਿਵਲ ਕੋਰਟ ਕੇਸ ਦੀ ਸੁਣਵਾਈ ਕਰ ਰਹੀ ਹੈ।
ਈਵਾ ਆਈਵੀਐਫ ਹਸਪਤਾਲ ਦੇ ਮਾਲਕ ਡਾਕਟਰ ਮੋਹਨ ਕੁਮਾਰ ਨੇ ਵੀ ਫਿਲਮ ਦੇ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ‘ਤੇ ਕਥਿਤ ਤੌਰ ‘ਤੇ ਨਾਮ ਦੀ ਦੁਰਵਰਤੋਂ ਕਰਨ ਅਤੇ ਹਸਪਤਾਲ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਗੱਲ ਕਰੀਏ ਯਸ਼ੋਦਾ ਨਾਂ ਦੀ ਔਰਤ ‘ਤੇ ਆਧਾਰਿਤ ਫਿਲਮ ‘ਯਸ਼ੋਦਾ’ ਦੀ, ਜਿਸ ਦਾ ਕਿਰਦਾਰ ਸਾਮੰਥਾ ਪ੍ਰਭੂ ਨਿਭਾਅ ਰਹੇ ਹਨ। ਉਸਨੇ ਫਿਲਮ ਵਿੱਚ ਇੱਕ ਸਰੋਗੇਟ ਮਾਂ ਦੀ ਭੂਮਿਕਾ ਨਿਭਾਈ ਹੈ । ਫਿਲਮ ਵਿੱਚ, ਯਸ਼ੋਦਾ ਨੂੰ ਇੱਕ ਸਰੋਗੇਟ ਮਾਂ ਬਣਨ ਲਈ ‘ਈਵਾ’ ਨਾਮ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ, ਜਿੱਥੇ ਉਸਨੂੰ ਪਤਾ ਲੱਗਦਾ ਹੈ ਕਿ ਹੋਰ ਬਹੁਤ ਸਾਰੀਆਂ ਔਰਤਾਂ ਸਰੋਗੇਟ ਬਣ ਰਹੀਆਂ ਹਨ ਕਿਉਂਕਿ ਉਹ ਗਰੀਬ ਹਨ ਅਤੇ ਉਹਨਾਂ ਨੂੰ ਪੈਸੇ ਦੀ ਲੋੜ ਹੈ। ਫਿਲਮ ਫਿਰ ਇੱਕ ਅਜਿਹੇ ਰੈਕੇਟ ਦੇ ਦੁਆਲੇ ਘੁੰਮਦੀ ਹੈ ਜੋ ਗੈਰ-ਕਾਨੂੰਨੀ ਤੌਰ ‘ਤੇ ‘ਗਰਭਵਤੀ ਨੂੰ ਕਿਰਾਏ’ ਤੇ ਦਿੰਦਾ ਹੈ। ਫਿਲਮ ‘ਯਸ਼ੋਦਾ’ ਦਾ ਨਿਰਦੇਸ਼ਨ ਹਰੀਸ਼ ਨਰਾਇਣ ਅਤੇ ਕੇ. ਹਰੀ ਸ਼ੰਕਰ ਨੇ ਕੀਤਾ ਹੈ।












