ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਆਪਣੇ ਨਿੱਜੀ ਅਧਿਕਾਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ। ਜਿਸ ਬਾਰੇ ਦਿੱਲੀ ਹਾਈਕੋਰਟ ਚ ਸੁਣਵਾਈ ਚੱਲ ਰਹੀ ਹੈ। ਬਿੱਗ ਬੀ ਦੀ ਤਰਫੋਂ ਮਸ਼ਹੂਰ ਵਕੀਲ ਹਰੀਸ਼ ਸਾਲਵੇ ਇਸ ਕੇਸ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਕੇਸ ਦੀ ਸੁਣਵਾਈ ਜਸਟਿਸ ਨਵੀਨ ਚਾਵਲਾ ਦੀ ਅਗਵਾਈ ਹੇਠ ਚੱਲ ਰਹੀ ਹੈ। ਅਮਿਤਾਭ ਬੱਚਨ ਵੱਲੋਂ ਦਿੱਲੀ ਹਾਈ ਕੋਰਟ (Delhi High Court) ਵਿੱਚ ਦਾਇਰ ਨਿੱਜੀ ਅਧਿਕਾਰਾਂ ਦੀ ਸੁਰੱਖਿਆ ਦੇ ਇਸ ਮਾਮਲੇ ਨੇ ਅਦਾਕਾਰ ਦਾ ਨਾਂ ਸੁਰਖੀਆਂ ਵਿੱਚ ਲਿਆਂਦਾ ਹੈ। ਖਬਰਾਂ ਦੀ ਮੰਨੀਏ ਤਾਂ ਬਿੱਗ ਬੀ ਨੇ ਇਸ ਮਾਮਲੇ ‘ਚ ਆਪਣੀ ਇਮੇਜ, ਆਵਾਜ਼, ਨਾਂ ਜਾਂ ਆਪਣੇ ਕਿਸੇ ਵੀ ਗੁਣ ਨੂੰ ਬਚਾਉਣ ਲਈ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਇਸ ਮੁਤਾਬਕ ਜੇ ਕੋਈ ਵਿਅਕਤੀ ਜਾਂ ਸੰਸਥਾ ਅਮਿਤਾਭ ਬੱਚਨ ਦੇ ਨਾਂ, ਆਵਾਜ਼ ਜਾਂ ਉਨ੍ਹਾਂ ਨਾਲ ਸਬੰਧਤ ਕਿਸੇ ਵੀ ਚੀਜ਼ ਦੀ ਵਰਤੋਂ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦਰਅਸਲ, ਪਿਛਲੇ ਦਿਨੀਂ ਸੋਸ਼ਲ ਮੀਡੀਆ ਪਲੇਟਫਾਰਮ whats App ‘ਤੇ ਅਮਿਤਾਭ ਬੱਚਨ ਦੇ ਮਸ਼ਹੂਰ ਸ਼ੋਅ ਕੌਨ ਬਣੇਗਾ ਕਰੋੜਪਤੀ ਨੂੰ ਲੈ ਕੇ ਫਰਜ਼ੀ ਲਾਟਰੀ ਮੈਸੇਜ ਵਾਇਰਲ ਹੋਏ ਹਨ, ਜਿਸ ‘ਚ ਅਮਿਤਾਭ ਬੱਚਨ ਦੇ ਨਾਂ ਦੀ ਵੀ ਦੁਰਵਰਤੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕਈ ਥਾਵਾਂ ‘ਤੇ ਬਿਨਾਂ ਇਜਾਜ਼ਤ ਦੇ ਆਪਣੀ ਆਵਾਜ਼ ਦੀ ਵਰਤੋਂ ‘ਤੇ ਚਿੰਤਾ ਪ੍ਰਗਟਾਈ ਸੀ। ਜਿਸ ਲਈ ਹੁਣ ਅਮਿਤਾਭ ਬੱਚਨ ਨੇ ਇਹ ਵੱਡਾ ਕਦਮ ਚੁੱਕਿਆ ਹੈ। ਅਸਲ ‘ਚ ਅਮਿਤਾਭ ਬੱਚਨ ਹਿੰਦੀ ਸਿਨੇਮਾ ਦੀ ਉਹ ਸ਼ਖਸੀਅਤ ਹੈ, ਜੋ ਕਿਸੇ ਬ੍ਰਾਂਡ ਤੋਂ ਘੱਟ ਨਹੀਂ ਹੈ। ਅਜਿਹੇ ‘ਚ ਬਿੱਗ ਬੀ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਨਾਲ ਜੁੜੀ ਕਿਸੇ ਵੀ ਚੀਜ਼ ਦਾ ਇਸਤੇਮਾਲ ਕਰਨਾ ਗੈਰ-ਕਾਨੂੰਨੀ ਮੰਨਿਆ ਜਾਵੇਗਾ, ਜਿਵੇਂ ਕਿ ਨਾਂ, ਤਸਵੀਰ, ਆਵਾਜ਼ ਜਾਂ ਹੋਰ ਫੀਚਰ।












