ਸੰਘੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਦੇਸ਼ ਵਿਚ ਗੈਰ-ਕਾਨੂੰਨੀ ਰੂਪ ਨਾਲ ਦਾਖ਼ਲ ਹੋੋਣ ਦੇ ਦੋਸ਼ ਵਿਚ ਯੂ.ਐਸ. ਵਰਜਿਨ ਟਾਪੂ ’ਤੇ 3 ਨੌਜਵਾਨ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਮਰੀਕੀ ਅਟਾਰਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕ੍ਰਿਸ਼ਣਾਬੇਨ ਪਟੇਲ (25), ਨਿਕੁੰਜ ਕੁਮਾਰ ਪਟੇਲ (27) ਅਤੇ ਅਸ਼ੋਕ ਕੁਮਾਰ ਪਟੇਲ (39) ਨੂੰ ਯੂ.ਐਸ. ਵਰਜਿਨ ਟਾਪੂ ਦੇ ਸੈਂਟ ਕ੍ਰਿਕਸ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ 24 ਨਵੰਬਰ ਨੂੰ ਫਲੋਰਿਡਾ ਦੇ ਫੋਰਟ ਲਾਡਰਡੇਲ ਲਈ ਉਡਾਣ ਭਰਨ ਵਾਲੇ ਸਨ।
ਅਮਰੀਕਾ ਵਿਚ ਉਨ੍ਹਾਂ ਦੇ ਕਥਿਤ ਗੈਰ-ਕਾਨੂੰਨੀ ਦਾਖ਼ਲੇ ਨਾਲ ਸਬੰਧਤ ਅਪਰਾਧਕ ਦੋਸ਼ਾਂ ’ਤੇ ਸ਼ੁਰੂਆਤੀ ਸੁਣਵਾਈ ਲਈ ਸੈਂਟ ਕ੍ਰਿਕਸ ਵਿਚ ਮੈਜਿਸਟ੍ਰੇਟ ਅਦਲਾਤ ਦੇ ਜੱਜ ਜਾਰਜ ਡਬਲਯੂ. ਕੈਨਨ ਦੇ ਸਾਹਮਣੇ ਤਿੰਨੇ 2 ਦਸੰਬਰ ਨੂੰ ਪੇਸ਼ ਹੋਏ। ਅਮਰੀਕੀ ਵਕੀਲ ਗ੍ਰੇਟਚੇਨ ਸੀ.ਐਫ. ਸ਼ੈਪਰਟ ਨੇ ਦੱਸਿਆ ਕਿ ਇਕ ਸੰਭਾਵਿਤ ਕਾਰਨ ਪਾਇਆ ਗਿਆ ਸੀ ਅਤੇ ਮੁਲਜ਼ਮਾਂ ਨੂੰ ਅੱਗੇ ਦੀ ਕਾਰਵਾਈ ਲਈ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ।ਅਮਰੀਕੀ ਵਕੀਲ ਮੁਤਾਬਕ ਤਿੰਨੇ ਜਹਾਜ਼ ਵਿਚ ਸਵਾਰ ਹੋਣ ਵਾਲੇ ਸਨ, ਜਦੋਂ ਇਕ ਸਿਸਟਮ ਜਾਂਚ ਤੋਂ ਪਤਾ ਲੱਗਾ ਕਿ ਫਲੋਰਿਡਾ ਵਿਚ ਜਹਾਜ਼ ਚਾਲਕ ਦੇ ਉਨ੍ਹਾਂ ਦੇ ਲਾਈਸੈਂਸ ਪ੍ਰਮਾਣਿਕ ਤੌਰ ’ਤੇ ਜਾਰੀ ਨਹੀਂ ਕੀਤੇ ਗਏ ਸਨ ਅਤੇ ਇਸੇ ਨੂੰ ਧੋਖਾਧੜੀ ਮੰਨਿਆ ਗਿਆ।
ਅੱਗੇ ਦੀ ਜਾਂਚ ਵਿਚ ਪਤਾ ਲੱਗਾ ਕਿ ਅਗਸਤ 2019 ਵਿਚ ਤਿੰਨਾਂ ਨੂੰ ਪਹਿਲਾਂ ਟੇਕੇਟ, ਕੈਲੀਫੋਰਨੀਆ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਜਲਦ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਮੀਡੀਆ ਬਿਆਨ ਵਿਚ ਕਿਹਾ ਗਿਆ ਹੈ ਕਿ ਬਾਅਦ ਵਿਚ ਉਨ੍ਹਾਂ ਨੂੰ ਅਮਰੀਕਾ ਤੋਂ ਭਾਰਤ ਭੇਜ ਦਿੱਤਾ ਗਿਆ ਸੀ। ਤਿੰਨਾਂ ’ਤੇ ਧੋਖਾਧੜੀ ਵਾਲੇ ਦਸਤਾਵੇਜ਼ਾਂ ਦਾ ਇਸਤੇਮਾਲ ਕਰਨ ਅਤੇ ਅਮਰੀਕਾ ਵਿਚੋਂ ਕੱਢੇ ਜਾਣ ਦੇ ਬਾਵਜੂਦ ਕਿਸੇ ਵਿਦੇਸ਼ੀ ਦੀ ਮਦਦ ਨਾਲ ਇੱਥੇ ਦੁਬਾਰਾ ਦਾਖ਼ਲ ਹੋਣ ਦੇ ਦੋਸ਼ ਲਗਾਏ ਗਏ। ਨਿਆਂ ਮੰਤਰਾਲਾ ਨੇ ਕਿਹਾ ਕਿ ਦੋਸ਼ੀ ਠਹਿਰਾਏ ਜਾਣ ਦੀ ਸਥਿਤੀ ਵਿਚ ਉਨ੍ਹਾਂ ਨੂੰ ਸੰਭਾਵਿਤ 10 ਸਾਲ ਤੱਕ ਦੀ ਜੇਲ੍ਹ ਅਤੇ ਬਾਅਦ ਵਿਚ ਜਲਾਵਤਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।