ਮੋਹਾਲੀ, (ਬਲਜੀਤ ਮਰਵਾਹਾ): ਪੰਜਾਬ ਵਿਧਾਨ ਸਭਾ ਚੋਣਾਂ ‘ਚ ਕੁੱਝ ਦਿਨ ਹੀ ਰਹਿ ਗਏ ਹਨ। ਇਸਦੇ ਚਲਦੇ ਸਿਆਸੀ ਪਾਰਟੀਆਂ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਉਮੀਦਵਾਰਾਂ ਵੱਲੋਂ ਵੋਟਾਂ ਮੰਗਣ ਲਈ ਡੋਰ ਤੋਂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ। ਮੋਹਾਲੀ ਤੋਂ ‘ਆਪ’ ਉਮੀਦਵਾਰ ਕੁਲਵੰਤ ਸਿੰਘ ਵੀ ਚੋਣ ਪ੍ਰਚਾਰ ‘ਚ ਲੱਗੇ ਹਨ। ਉਹ ਲਗਾਤਾਰ ਵਿਰੋਧੀਆਂ ਲਈ ਖਤਰੇ ਦੀ ਘੰਟੀ ਬਣਦੀ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਰਹੇ ਅਤੇ ਅਕਾਲੀ ਦਲ ਦੇ ਬੀ. ਸੀ. ਵਿੰਗ- ਜ਼ਿਲਾ ਮੋਹਾਲੀ ਦੇ ਲੰਮਾ ਸਮਾਂ ਪ੍ਰਧਾਨਗੀ ਦਾ ਕਾਰਜ ਨਿਭਾਉਣ ਵਾਲੇ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ ਆਪਣੇ ਸਾਥੀਆਂ ਸਮੇਤ ਆਪ ਉਮੀਦਵਾਰ ਵਿਧਾਨ ਸਭਾ ਹਲਕਾ ਮੁਹਾਲੀ ਕੁਲਵੰਤ ਸਿੰਘ ਦੀ ਹਮਾਇਤ ਵਿੱਚ ਆ ਗਏ ।
ਇਸ ਦੌਰਾਨ ‘ਆਪ’ ਆਗੂ ਤੇ ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਨੇ ਗੁਰਮੁਖ ਸਿੰਘ ਸੋਹਲ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰਮੁਖ ਸਿੰਘ ਸੋਹਲ ਪਿਛਲੇ ਲੰਮੇ ਸਮੇਂ ਤੋਂ ਸਿਆਸਤ ਦੇ ਜਾਣੇ ਪਛਾਣੇ ਚਿਹਰੇ ਹਨ ਅਤੇ ਉਨ੍ਹਾਂ ਆਪਣੇ ਹਲਕੇ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਵਿੱਚ ਬੀ. ਸੀ. ਭਾਈਚਾਰੇ ਨਾਲ ਸਬੰਧਤ ਸਮੱਸਿਆਵਾਂ ਦਾ ਸਰਕਾਰ ਤੋਂ ਖ਼ੁਦ ਪਹੁੰਚ ਕਰਕੇ ਹੱਲ ਕਰਵਾਉਂਦੇ ਰਹੇ।ਅਤੇ ਗੁਰਮੁਖ ਸਿੰਘ ਸੋਹਲ ਦੀ ਇਸ ਦਿਆਨਤਦਾਰੀ ਅਤੇ ਜਨੂੰਨ ਨਾਲ ਕੰਮ ਕਰਨ ਦੀ ਸਮਰੱਥਾ ਤੋਂ ਮੋਹਾਲੀ ਹਲਕੇ ਦੇ ਲੋਕੀ ਭਲੀ- ਭਾਂਤ ਵਾਕਿਫ਼ ਹਨ ।
‘ਆਪ’ ਆਗੂ ਕੁਲਵੰਤ ਸਿੰਘ ਨੇ ਗੁਰਮੁਖ ਸਿੰਘ ਸੋਹਲ ਦੇ ਵੱਲੋਂ ਆਪ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਚਲਾਉਣ ਦੇ ਲਈ ਹੁੰਗਾਰਾ ਭਰਨ ਦਾ ਭਰਵਾਂ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਵਿੱਚ ਗੁਰਮੁਖ ਸਿੰਘ ਸੋਹਲ ਨੂੰ ਵਿੱਚ ਢੁੱਕਵੀਂ ਪ੍ਰਤੀਨਿਧਤਾ ਦਿਵਾਉਣਗੇ । ਇਸ ਮੌਕੇ ਤੇ ਗੁਰਮੁਖ ਸਿੰਘ ਸੋਹਲ ਨੇ ਆਪਣੇ ਸਾਥੀਆਂ ਸਮੇਤ ਕੁਲਵੰਤ ਸਿੰਘ ਦੇ ਨਾਲ ਫੇਸ-4 ਤੋਂ ਹੀ ਵਿਧਾਨ ਸਭਾ ਹਲਕਾ ਮੁਹਾਲੀ ਵਿੱਚ ਘਰ- ਘਰ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਅਤੇ ਡੋਰ ਟੂ ਡੋਰ ਮੁਹਿੰਮ ਨੂੰ ਅਗਾਂਹ ਤੋਰਿਆ ।












