ਮੋਹਾਲੀ, (ਬਲਜੀਤ ਮਰਵਾਹਾ): ਪੰਜਾਬ ਵਿਧਾਨ ਸਭਾ ਚੋਣਾਂ ‘ਚ ਕੁੱਝ ਦਿਨ ਹੀ ਰਹਿ ਗਏ ਹਨ। ਇਸਦੇ ਚਲਦੇ ਸਿਆਸੀ ਪਾਰਟੀਆਂ ਵਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਜੇ ਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਟੀ ਦੀ ਤਾਂ ਉਮੀਦਵਾਰਾਂ ਵਲੋਂ ਲਗਾਤਾਰ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ। ਮੋਹਾਲੀ ਤੋਂ ‘ਆਪ’ ਉਮੀਦਵਾਰ ਕੁਲਵੰਤ ਸਿੰਘ ਵੀ ਚੋਣ ਪ੍ਰਚਾਰ ‘ਚ ਲੱਗੇ ਹਨ। ਸ਼ੁੱਕਰਵਾਰ ਨੂੰ ਵੀ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਚੋਣ ਮੀਟਿੰਗਾਂ ਨੂੰ ਉਨ੍ਹਾਂ ਵੱਲੋਂ ਸਬੋਧਤ ਕੀਤਾ ਗਿਆ।

ਇਸ ਦੌਰਾਨ ਉਨ੍ਹਾਂ ਨੇ ਵਿਰੋਧੀਆਂ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਸਮੇਂ-ਸਮੇਂ ਉਤੇ ਰਾਜ ਕਰਦੀਆਂ ਆ ਰਹੀਆਂ ਵੱਖ-ਵੱਖ ਰਵਾਇਤੀ ਸਿਆਸੀ ਪਾਰਟੀਆਂ ਅਜ਼ਾਦੀ ਉਪਰੰਤ 75 ਸਾਲ ਬੀਤ ਜਾਣ ’ਤੇ ਵੀ ਸਿਹਤ ਅਤੇ ਸਿੱਖਿਆ ਵਿੱਚ ਸੁਧਾਰ ਨਹੀਂ ਕਰ ਸਕੀਆਂ। ਅਕਾਲੀ ਦਲ, ਕਾਂਗਰਸ ਪਾਰਟੀ ਅਤੇ ਭਾਜਪਾ ਦੇ ਉਮੀਦਵਾਰ ਲੋਕਾਂ ਵਿੱਚ ਜਾ ਕੇ ਹਰ ਪੰਜ ਸਾਲ ਬਾਅਦ ਉਹੀ ਪੁਰਾਣੇ ਝੂਠੇ ਅਤੇ ਫੋਕੇ ਦਾਅਵੇ ਅਤੇ ਵਾਅਦੇ ਕਰਦੇ ਰਹਿੰਦੇ ਹਨ ਕਿ ਸਿਹਤ ਅਤੇ ਸਿੱਖਿਆ ਵਿੱਚ ਸੁਧਾਰ ਕਰਨਗੇ ਅਤੇ ਵਿਕਾਸ ਕਰਨਗੇ। ਸੱਚਾਈ ਇਹ ਹੈ ਕਿ ਜਿਹੜੀਆਂ ਸਰਕਾਰਾਂ 75 ਸਾਲਾਂ ਵਿੱਚ ਸਿਹਤ ਅਤੇ ਸਿੱਖਿਆ ਸੁਧਾਰ ਨਹੀਂ ਸਕੀਆਂ, ਉਨ੍ਹਾਂ ਤੋਂ ਹੁਣ ਭਵਿੱਖ ਵਿੱਚ ਵੀ ਉਮੀਦ ਨਹੀਂ ਕੀਤੀ ਜਾ ਸਕਦੀ।

ਹਲਕਾ ਮੋਹਾਲੀ ਦੇ ਸਬੰਧ ‘ਚ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਇੱਥੋਂ ਦੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਗਲ਼ੀਆਂ ਵਿੱਚ ਅਤੇ ਸੜਕਾਂ ਕਿਨਾਰੇ ਇੰਟਰਲਾਕ ਟਾਈਲਾਂ ਲਗਾ ਕੇ ਅਤੇ ਘਟੀਆ ਸੜਕਾਂ ਬਣਾ ਕੇ ਸਿਰਫ਼ ਆਪਣੀ ਜੇਬ ਦਾ ਹੀ ਵਿਕਾਸ ਕੀਤਾ ਹੈ। ਹਲਕਾ ਮੋਹਾਲੀ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਅੱਜ ਵੀ ਜ਼ੀਰੋ ਹਨ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਟੁੱਟੀਆਂ ਪਈਆਂ ਹਨ ਅਤੇ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸੱਚਾਈ ਇਹ ਵੀ ਹੈ ਕਿ ਰਵਾਇਤੀ ਪਾਰਟੀਆਂ ਨੂੰ ਕਰੱਪਸ਼ਨ ਤੋਂ ਇਲਾਵਾ ਕੁਝ ਵੀ ਨਹੀਂ ਆਉਂਦਾ।

ਕੁਲਵੰਤ ਸਿੰਘ ਨੇ ਕਿਹਾ ਕਿ ਇਹ ਗੱਲ ਸਾਫ਼ ਹੈ ਕਿ ਪੰਜਾਬ ਦੇ ਹਰ ਵਰਗ ਦੀਆਂ ਜ਼ਰੂਰਤਾਂ ਅਤੇ ਸਹੂਲਤਾਂ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਹੀ ਪੂਰੀਆਂ ਕਰ ਸਕਦੀ ਹੈ, ਬਾਕੀ ਪਾਰਟੀਆਂ ਨੂੰ ਤਾਂ ਲੋਕ ਹਰ ਪੰਜ ਸਾਲ ਪਰਖਦੇ ਹੀ ਆ ਰਹੇ ਹਨ। ਉਨ੍ਹਾਂ ਨੇ ਹਲਕਾ ਮੋਹਾਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਫ਼ਰਵਰੀ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਵਾਲਾ ਬਟਨ ਦਬਾ ਕੇ ਇੱਕ ਬਹੁਤ ਹੀ ਜ਼ਿਆਦਾ ਨੇਕ, ਇਮਾਨਦਾਰ, ਸੁਲਝੇ ਹੋਏ ਅਤੇ ਪੰਜਾਬ ਦੇ ਹਰ ਮਸਲੇ ਨੂੰ ਗੰਭੀਰਤਾ ਨਾਲ ਚੁੱਕਣ ਵਾਲੇ ਉਮੀਦਵਾਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਜਾ ਸਕੇ।












