ਮੋਗਾ: ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਅੱਜ (ਮੰਗਲਵਾਰ) ਹੈ। ਇਸ ਖਾਸ ਮੌਕੇ ‘ਤੇ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲਾਂ ਵਿਚ ਇਤਿਹਾਸਿਕ ਰੈਲੀ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਵੱਲੋਂ ਹਰ ਵਾਰ ਚੋਣ ਪ੍ਰਚਾਰ ਦੇ ਲਈ ਕਿੱਲੀ ਚਾਹਲਾਂ ‘ਚ ਰੈਲੀ ਜ਼ਰੂਰ ਕੱਢੀ ਜਾਂਦੀ ਹੈ। ਇਸਦੇ ਪਿੱਛੇ ਵੀ ਇਕ ਵੱਡਾ ਕਾਰਨ ਹੈ। ਇੱਥੇ ਜ਼ਮੀਨ ਦਾ ਇਕ ਵੱਡਾ ਹਿੱਸਾ ਖਾਲੀ ਹੈ ਤੇ ਇੱਥੇ 50 ਹਜ਼ਾਰ ਤੋਂ ਵੱਧ ਲੋਕ ਇੱਕਠੇ ਹੋ ਸਕਦੇ ਹਨ। ਕਿੱਲੀ ਚਾਹਲਾਂ ਸੂਬੇ ਦੇ ਵਿਚਕਾਰ ਹੈ ਇੱਥੇ ਮਾਲਵਾ, ਮਾਝਾ ਤੇ ਦੋਆਬਾ ਤੋਂ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਅਕਾਲੀ ਦਲ ਦੇ ਨਾਲ- ਨਾਲ ਕਾਂਗਰਸ, ਭਾਜਪਾ ਤੇ ਹੋਰ ਪਾਰਟੀਆਂ ਦੇ ਆਗੂ ਵੀ ਇੱਥੇ ਕਈ ਵਾਰ ਰੈਲੀ ਕੱਢ ਚੁਕੇ ਹਨ।
ਜ਼ਿਕਰਯੋਗ ਹੈ ਕਿ ਇਤਿਹਾਸਕ ਰੈਲੀ ਵਿਚ 2 ਲੱਖ ਤੋਂ ਜ਼ਿਆਦਾ ਲੋਕ ਭਾਗ ਲੈਣਗੇ ਰੈਲੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੋਗਾ ਰੈਲੀ ਵਿੱਚ ਅਕਾਲੀ ਦਲ ਦੇ ਵਰਕਰਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਇਸ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੀਨੀਅਰ ਮੀਤ ਪ੍ਰਧਾਨ ਸਤੀਸ਼ ਮਿਸ਼ਰਾ ਵੀ ਸ਼ਾਮਲ ਹੋਣਗੇ।