ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਬਲਾਤਕਾਰ ਦੇ ਮਾਮਲੇ ਨੂੰ ਅੱਜ ਇੱਕ ਆਡੀਓ ਰਿਕਾਰਡਿੰਗ ਜਾਰੀ ਕਰਕੇ ਨਵਾਂ ਮੋੜਾ ਦੇ ਦਿੱਤਾ ਹੈ। ਇਹ ਕਥਿਤ ਆਡੀਓ ਰਿਕਾਰਡਿੰਗ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਚਾਵਲਾ ਮਾਮਲੇ ’ਚ ਪੀੜਤ ਔਰਤ ਦਰਮਿਆਨ ਹੋਈ ਗੱਲਬਾਤ ’ਤੇ ਅਧਾਰਿਤ ਹੈ। ‘ਆਪ’ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਅੱਜ ਇੱਥੇ ਇਹ ਆਡੀਓ ਰਿਕਾਰਡਿੰਗ ਜਾਰੀ ਕਰਕੇ ਸ਼੍ਰੋਮਣੀ ਕਮੇਟੀ ’ਤੇ ਸਵਾਲ ਚੁੱਕੇ ਹਨ।
ਪੰਨੂ ਨੇ ਅੱਜ ਦਾਅਵਾ ਕੀਤਾ ਕਿ 7-8 ਮਹੀਨਿਆਂ ਦੇ ਸਮੇਂ ਦੌਰਾਨ ਵਿੱਤੀ ਲੈਣ ਦੇਣ ਦਾ ਕਥਿਤ ਆਡੀਓ ਵਿੱਚ ਜ਼ਿਕਰ ਹੈ। ਪੰਨੂ ਨੇ ਸਵਾਲ ਚੁੱਕਿਆ ਕਿ ਬਹਿਰੀਨ ਤੋਂ ਇਸ ਔਰਤ ਨੂੰ ਪੰਜਾਬ ਕਿਉਂ ਲਿਆਂਦਾ ਗਿਆ ਅਤੇ ਉਸ ਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਾਲੀ ਇਮਾਰਤਾਂ ਵਿੱਚ ਲੰਬਾ ਸਮਾਂ ਕਿਵੇਂ ਠਹਿਰਾਇਆ ਗਿਆ। ਦੱਸਣਯੋਗ ਹੈ ਕਿ ਪੰਜਾਬ ਪੁਲੀਸ ਨੇ ਇਸ ਔਰਤ ਦੀ ਸ਼ਿਕਾਇਤ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਜਬਰ ਜਨਾਹ ਦਾ ਪਰਚਾ ਕੀਤਾ ਸੀ। ਅਮਰਜੀਤ ਚਾਵਲਾ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ। ਉਹ ਇਸ ਵੇਲੇ ਵਿਦੇਸ਼ ’ਚ ਹਨ। ਅਗਾਮੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਚਾਵਲਾ ਘਟਨਾ ਨੇ ਸ਼੍ਰੋਮਣੀ ਅਕਾਲੀ ਦਲ ਲਈ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ। ਪੰਜਾਬ ਪੁਲੀਸ ਵੱਲੋਂ ਇਸ ਔਰਤ ਦੀ ਘਟਨਾ ਦਰਮਿਆਨ ਰਹੀ ਰਿਹਾਇਸ਼ ਨਾਲ ਸਬੰਧਿਤ ਪ੍ਰਸਥਿਤੀਆਂ ਤੋਂ ਇਲਾਵਾ ਉਸ ਨੂੰ ਠਹਿਰਨ ਦੀ ਸਹੂਲਤ ਦੇਣ ਵਾਲੇ ਲੋਕਾਂ ਦੀ ਵੀ ਜਾਂਚ ਕਰ ਰਹੀ ਹੈ। ਬਲਤੇਜ ਪੰਨੂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਸ ਔਰਤ ਨੂੰ ਪੰਜਾਬ ਲਿਆਉਣ ਦੀਆਂ ਪ੍ਰਸਥਿਤੀਆਂ ਤੇ ਮਕਸਦਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਸਰਾਂਵਾਂ ’ਚ ਠਹਿਰਾਉਣ ਬਾਰੇ ਜਵਾਬ ਮੰਗਿਆ ਹੈ। ਕੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਔਰਤ ਦੀ ਮੌਜੂਦਗੀ ਅਤੇ ਹਾਲਾਤਾਂ ਬਾਰੇ ਜਾਣਕਾਰੀ ਸੀ। ਮਹਿਲਾ ਦੀ ਠਹਿਰ ’ਤੇ ਆਇਆ ਖ਼ਰਚ ਕਿਹੜੇ ਫ਼ੰਡਾਂ ਚੋਂ ਕੀਤਾ ਗਿਆ।
ਪੀੜਤ ਔਰਤ ਖ਼ੁਦ ਆਖ ਚੁੱਕੀ ਹੈ ਕਿ ਉਹ 17 ਨਵੰਬਰ 2025 ਨੂੰ ਬਹਿਰੀਨ ਤੋਂ ਵਾਪਸ ਆਈ ਸੀ ਅਤੇ ਉਸ ਮਗਰੋਂ ਉਸ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿੱਚ ਠਹਿਰ ਦਿੱਤੀ ਗਈ ਸੀ ਜਿੱਥੇ ਉਹ 27 ਫਰਵਰੀ ਤੋਂ 16 ਅਗਸਤ 2026 ਤੱਕ ਉੱਥੇ ਰਹੀ। ਉਸ ਮਗਰੋਂ ਉਸ ਨੂੰ ਦੂਜੀ ਸਰਾਂ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਸੀ। ਚੇਤੇ ਰਹੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਹੈ ਅਤੇ ਇਸ ਦੇ ਨਾਲ ਹੀ ਸੀ ਬੀ ਆਈ (CBI) ਦੀ ਜਾਂਚ ਦੀ ਵੀ ਮੰਗ ਕੀਤੀ ਹੈ











