ਚੀਨ ਦੇ ਚੋਂਗਕਿੰਗ ‘ਚ ਵੀਰਵਾਰ ਸਵੇਰੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੱਥੇ ਏਅਰਪੋਰਟ ‘ਤੇ ਟੇਕਆਫ ਦੌਰਾਨ ਤਿੱਬਤ ਏਅਰਲਾਈਨਜ਼ ਦਾ ਜਹਾਜ਼ ਰਨਵੇਅ ਪਾਰ ਕਰ ਗਿਆ। ਸਥਾਨਕ ਮੀਡੀਆ ਮੁਤਾਬਕ ਇਸ ਫਲਾਈਟ ਨੇ ਚੋਂਗਕਿੰਗ ਤੋਂ ਤਿੱਬਤ ਦੇ ਲਹਾਸਾ ਜਾਣਾ ਸੀ। ਹਾਲਾਂਕਿ, ਜਦੋਂ ਤੱਕ ਜਹਾਜ਼ ਰਨਵੇਅ ਤੋਂ ਉਤਰਨ ਤੋਂ ਬਾਅਦ ਰੁਕਿਆ, ਉਦੋਂ ਤੱਕ ਇਸ ਵਿੱਚ ਅੱਗ ਲੱਗ ਚੁੱਕੀ ਸੀ। ਇਸ ਹਾਦਸੇ ‘ਚ ਕੁਝ ਯਾਤਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।

ਸ਼ੁਰੂਆਤੀ ਜਾਣਕਾਰੀ ਮੁਤਾਬਕ ਉਡਾਣ ਭਰਨ ਤੋਂ ਪਹਿਲਾਂ ਹੀ ਜਹਾਜ਼ ਦੇ ਕਰੂ ਨੂੰ ਜਹਾਜ਼ ‘ਚ ਕੁਝ ਤਕਨੀਕੀ ਖਰਾਬੀ ਦਾ ਸ਼ੱਕ ਸੀ। ਇਸ ਤੋਂ ਬਾਅਦ ਟੇਕਆਫ ਨੂੰ ਜਲਦੀ ਰੋਕ ਦਿੱਤਾ ਗਿਆ। ਇਸ ਦੌਰਾਨ ਜਹਾਜ਼ ਨੇ ਟੇਕ ਆਫ ਨਾ ਹੋਣ ‘ਤੇ ਰਨਵੇਅ ਪਾਰ ਕਰ ਦਿੱਤਾ ਜਿਸ ਦੌਰਾਨ ਅੱਗ ਲੱਗ ਗਈ।
ਜਾਣਕਾਰੀ ਮੁਤਾਬਿਕ ਜਹਾਜ਼ ਵਿੱਚ 113 ਯਾਤਰੀ ਅਤੇ ਕਰੂ ਦੇ ਨੌਂ ਮੈਂਬਰ ਸਵਾਰ ਸਨ। ਰਾਹਤ ਅਤੇ ਬਚਾਅ ਕਰਮਚਾਰੀਆਂ ਨੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਖਮੀ ਹੋਏ ਲੋਕਾਂ ਨੂੰ ਵੀ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਜਹਾਜ਼ ਨੂੰ ਅੱਗ ਦੀ ਲਪੇਟ ਵਿੱਚ ਸੜਦਾ ਦੇਖਿਆ ਜਾ ਸਕਦਾ ਹੈ।












