ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਸ ਮੁਤਾਬਕ ਮੱਧ ਵਰਗ ਨੂੰ ਵੱਡੀ ਰਾਹਤ ਦਿੰਦਿਆਂ 12 ਲੱਖ ਰੁਪਏ ਦੀ ਸਾਲਾਨਾ ਆਮਦਨ ਨੂੰ ਪੂਰੀ ਤਰ੍ਹਾਂ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ ਹੈ। ਉਂਝ ਇਹ ਛੋਟ ਸਿਰਫ਼ ਨਵੇਂ ਟੈਕਸ ਪ੍ਰਬੰਧ ਤਹਿਤ ਹੀ ਮਿਲੇਗੀ। ਸਟੈਂਡਰਡ ਕਟੌਤੀ (ਐੱਸਡੀ) 75,000 ਰੁਪਏ ਨਾਲ ਨੌਕਰੀਪੇਸ਼ਾ ਲੋਕਾਂ ਨੂੰ ਹੁਣ 12.75 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਉੱਤੇ ਕੋਈ ਟੈਕਸ ਨਹੀਂ ਲੱਗੇਗਾ। ਵਿੱਤ ਮੰਤਰੀ ਨੇ ਕਿਹਾ ਕਿ ਟੈਕਸ ਛੋਟ ਨਾਲ ਮੱਧ ਵਰਗ ਦੇ ਲੋਕਾਂ ਕੋਲ ਖਪਤ ਲਈ ਜਿੱਥੇ ਵਧੇਰੇ ਪੈਸੇ ਬਚਣਗੇ, ਉਥੇ ਨਿਵੇੇਸ਼ ਤੇ ਬੱਚਤ ਵੀ ਵਧੇਗੀ। ਇਸ ਨਵੇਂ ਪ੍ਰਬੰਧ ਤਹਿਤ 12 ਲੱਖ ਰੁਪਏ ਤੱਕ ਦੀ ਆਮਦਨ ’ਤੇ 80 ਹਜ਼ਾਰ ਰੁਪਏ ਅਤੇ 18 ਲੱਖ ਰੁਪਏ ਦੀ ਸਾਲਾਨਾ ਆਮਦਨ ’ਤੇ 70 ਹਜ਼ਾਰ ਰੁਪਏ ਬਚਣਗੇੇ।
ਵਿੱਤ ਮੰਤਰੀ ਨੇ ਇਸ ਦੇ ਨਾਲ ਟੈਕਸ ਸਲੈਬ ਵਿਚ ਬਦਲਾਅ ਦੀ ਤਜਵੀਜ਼ ਦਿੱਤੀ ਹੈ, ਜਿਸ ਤਹਿਤ ਚਾਰ ਲੱਖ ਰੁਪਏ ਦੀ ਸਾਲਾਨਾ ਆਮਦਨ ’ਤੇ ਕੋਈ ਟੈਕਸ ਨਹੀਂ ਲੱਗੇਗਾ। ਚਾਰ ਤੋਂ ਅੱਠ ਲੱਖ ਰੁਪਏ ਤੱਕ 5 ਫੀਸਦ, 8 ਤੋਂ 12 ਲੱਖ ਤੱਕ 10 ਫੀਸਦ, 12 ਲੱਖ ਤੋੋਂ 16 ਲੱਖ ਰੁਪਏ ਤੱਕ 15 ਫੀਸਦ, 16 ਲੱਖ ਤੋਂ 20 ਲੱਖ ਰੁਪਏ ਤੱਕ 20 ਫੀਸਦ, 20 ਲੱਖ ਤੋਂ 24 ਲੱਖ ਤੱਕ 25 ਫੀਸਦੀ ਅਤੇ 24 ਲੱਖ ਤੋਂ ਉੱਤੇ ਸਾਲਾਨਾ 30 ਫੀਸਦ ਟੈਕਸ ਲੱਗੇਗਾ। ਸਿੱਧੇ ਟੈਕਸ ਵਿਚ ਛੋਟ ਨਾਲ ਸਰਕਾਰੀ ਖ਼ਜ਼ਾਨੇ ’ਤੇ ਇਕ ਲੱਖ ਕਰੋੜ ਰੁਪਏ ਦਾ ਬੋਝ ਪਏਗਾ। -ਪੀਟੀਆਈ