ਨਵੀਂ ਦਿੱਲੀ, 16 ਦਸੰਬਰ 2021 – ਬੈਂਕ ਖਿੱਤੇ ਦੇ ਕਰੀਬ 9 ਲੱਖ ਕਰਮਚਾਰੀ 2 ਦਿਨਾਂ ਦੀ ਹੜਤਾਲ ‘ਤੇ ਜਾ ਰਹੇ ਹਨ। ਬੈਂਕਾਂ ਦੇ ਲਗਪਗ 9 ਲੱਖ ਕਰਮਚਾਰੀ ਅੱਜ ਵੀਰਵਾਰ ਅਤੇ ਕੱਲ੍ਹ ਸ਼ੁੱਕਰਵਾਰ (16 ਅਤੇ 17 ਦਸੰਬਰ) ਨੂੰ ਹੜਤਾਲ ਕਰ ਰਹੇ ਹਨ। ਜਿਸ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 19 ਦਸੰਬਰ ਨੂੰ ਐਤਵਾਰ ਦੀ ਛੁੱਟੀ ਹੈ। ਇਸ ਤਰ੍ਹਾਂ ਦੇਸ਼ ਭਰ ‘ਚ ਇਸ ਹਫਤੇ ਬੈਂਕ ਤਿੰਨ ਦਿਨ ਬੰਦ ਰਹਿਣ ਵਾਲੇ ਹਨ।
ਬੈਂਕ ਕਰਮਚਾਰੀਆਂ ਵੱਲੋਂ ਇਹ ਹੜਤਾਲ ਬੈਂਕਾਂ ਦੇ ਨਿੱਜੀਕਰਨ ਦੇ ਖਿਲਾਫ ਕੀਤੀ ਜਾ ਰਹੀ ਹੈ। ਸਰਕਾਰ ਨੇ ਬਜਟ 2021-22 ਦੌਰਾਨ ਦੋ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਦੀ ਤਜਵੀਜ਼ ਰੱਖੀ ਸੀ। ਕੇਂਦਰ ਸਰਕਾਰ ਸੰਸਦ ਦੇ ਮੌਜੂਦਾ ਸੈਸ਼ਨ ਵਿੱਚ ਬੈਂਕਿੰਗ ਕਾਨੂੰਨ ਸੋਧ ਬਿੱਲ ਲਿਆ ਰਹੀ ਹੈ, ਜਿਸ ਨਾਲ ਭਵਿੱਖ ਵਿੱਚ ਕਿਸੇ ਵੀ ਸਰਕਾਰੀ ਬੈਂਕ ਨੂੰ ਨਿੱਜੀ ਖੇਤਰ ਵਿੱਚ ਦੇਣ ਦਾ ਰਾਹ ਪੱਧਰਾ ਹੋ ਜਾਵੇਗਾ। ਸਰਕਾਰ ਦੇ ਇਸ ਫੈਸਲੇ ਖਿਲਾਫ ਬੈਂਕ ਕਰਮਚਾਰੀ ਅਤੇ ਅਧਿਕਾਰੀ 16 ਅਤੇ 17 ਦਸੰਬਰ ਨੂੰ ਦੋ ਦਿਨਾਂ ਦੇਸ਼ ਵਿਆਪੀ ਹੜਤਾਲ ਕਰ ਰਹੇ ਹਨ।