ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨਾਂ ‘ਤੇ ਧਮਕੀ ਭਰੇ ਪੱਤਰ ਤੋਂ ਬਾਅਦ ਰੇਲਵੇ ਪੁਲਸ ਅਤੇ ਪੰਜਾਬ ਪੁਲਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸ਼ਰਾਰਤੀ ਅਨਸਰਾਂ ਨੇ ਰੇਲਵੇ ਸਟੇਸ਼ਨ ਸੁਪਰਡੈਂਟ ਸੁਲਤਾਨਪੁਰ ਲੋਧੀ ਨੂੰ ਡਾਕ ਰਾਹੀਂ ਪੱਤਰ ਭੇਜਿਆ ਹੈ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਿੰਦੂਆਂ ਦੇ ਆਸਥਾ ਦੇ ਕੇਂਦਰ ਸ਼੍ਰੀਦੇਵੀ ਤਾਲਾਬ ਮੰਦਿਰ, ਫਗਵਾੜਾ ਵਿੱਚ ਸ਼੍ਰੀ ਹਨੂੰਮਾਨ ਗੜ੍ਹੀ ਅਤੇ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਇਹ ਵੀ ਲਿਖਿਆ ਹੈ ਕਿ ਸੂਬੇ ਵਿੱਚ ਪੰਜ ਤੋਂ ਵੱਧ ਰੇਲਵੇ ਸਟੇਸ਼ਨਾਂ ਨੂੰ ਉਡਾ ਦਿੱਤਾ ਜਾਵੇਗਾ।
ਸਟੇਸ਼ਨ ਸੁਪਰਡੈਂਟ ਸੁਲਤਾਨਪੁਰ ਲੋਧੀ ਰਾਜਵੀਰ ਸਿੰਘ ਨੇ ਪੱਤਰ ਮਿਲਦੇ ਹੀ ਤੁਰੰਤ ਰੇਲਵੇ ਪੁਲੀਸ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੱਤਰ ਦਾ ਨੋਟਿਸ ਲੈਂਦਿਆਂ ਰੇਲਵੇ ਪੁਲਿਸ ਨੇ ਸਾਰੇ ਸਟੇਸ਼ਨਾਂ ‘ਤੇ ਅਲਰਟ ਜਾਰੀ ਕਰ ਦਿੱਤਾ ਹੈ। ਧਮਕੀ ਭਰੇ ਪੱਤਰ ਤੋਂ ਬਾਅਦ ਰੇਲਵੇ ਪੁਲਿਸ ਨੇ ਸਟੇਸ਼ਨਾਂ ‘ਤੇ ਚੌਕਸੀ ਵਧਾ ਦਿੱਤੀ ਹੈ। ਰੇਲਵੇ ਅਧਿਕਾਰੀਆਂ ਰਾਹੀਂ ਪੱਤਰ ਆਉਣ ਤੋਂ ਬਾਅਦ ਸੂਬੇ ਦੀ ਪੰਜਾਬ ਪੁਲਿਸ ਵੀ ਚੌਕਸ ਹੋ ਗਈ ਹੈ।













