ਮੁੰਬਈ, 22 ਜਨਵਰੀ 2022 – ਮਹਾਰਾਸ਼ਟਰ ਦੇ ਮੁੰਬਈ ਵਿੱਚ ਸ਼ਨੀਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਮੁੰਬਈ ਦੇ ਤਾਰਦੇਵ ‘ਚ ਭਾਟੀਆ ਹਸਪਤਾਲ ਨੇੜੇ ਕਮਲਾ ਬਿਲਡਿੰਗ ਦੀ 20 ਮੰਜ਼ਿਲਾ ਇਮਾਰਤ ‘ਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ 18ਵੀਂ ਮੰਜ਼ਿਲ ਤੋਂ ਲੱਗੀ ਹੈ ਅਤੇ ਤਾਜ਼ਾ ਜਾਣਕਾਰੀ ਮੁਤਾਬਕ ਇਸ ਅੱਗ ‘ਚ ਝੁਲਸਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 19 ਲੋਕਾਂ ਦੇ ਝੁਲਸ ਜਾਣ ਦੀ ਖ਼ਬਰ ਹੈ। ਸਾਰਿਆਂ ਨੂੰ ਭਾਟੀਆ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬਚਾਅ ਕਾਰਜ ਜਾਰੀ ਹਨ।
ਨਈਅਰ ਹਸਪਤਾਲ ਦੇ ਡਾਕਟਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ‘ਚ ਝੁਲਸੇ 4 ਲੋਕਾਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ‘ਚੋਂ 2 ਦੀ ਮੌਤ ਹੋ ਗਈ ਹੈ, ਜਦਕਿ 2 ਦੀ ਹਾਲਤ ਸਥਿਰ ਹੈ। ਇਸ ਦੇ ਨਾਲ ਹੀ ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਝੁਲਸੇ ਹੋਏ ਲੋਕਾਂ ਵਿਚੋਂ 12 ਨੂੰ ਜਨਰਲ ਬਰਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ, ਜਦਕਿ 3 ਜਾਣੇ ਆਈ.ਸੀ.ਯੂ. ‘ਚ ਦਾਖ਼ਲ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਕਮਲਾ ਬਿਲਡਿੰਗ ਦੀ 18ਵੀਂ ਮੰਜ਼ਿਲ ‘ਚ ਸਵੇਰੇ 7.30 ਵਜੇ ਲੱਗੀ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 13 ਗੱਡੀਆਂ ਮੌਜੂਦ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪਰ ਮੁਢਲੀ ਜਾਣਕਰੀ ਅਨੁਸਾਰ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਹਾਲਾਂਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਪਰ ਪੂਰੀ ਬਿਲਡਿੰਗ ਚ ਧੂੰਆਂ ਭਰਿਆ ਹੋਇਆ ਹੈ। ਬਚਾਅ ਕਾਰਜ ਜਾਰੀ ਹਨ।












