ਕਿਸਾਨ ਅੰਦੋਲਨ ਨੂੰ ਧਿਆਨ ‘ਚ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਨੇ ਮੋਹਾਲੀ, ਰਾਜਪੁਰਾ ਅਤੇ ਪਟਿਆਲਾ ਦੇ ਹਸਪਤਾਲਾਂ ਵਿਖੇ ਸਿਹਤ ਸੇਵਾਵਾਂ ਦਾ ਨਿਰੀਖਣ ਕੀਤਾ। ‘ਆਪ’ ਸਰਕਾਰ ਵੱਲੋਂ ਅੰਦੋਲਨ ਤਹਿਤ ਸੰਗਰੂਰ, ਪਟਿਆਲਾ, ਡੇਰਾ ਬੱਸੀ, ਮਾਨਸਾ ਅਤੇ ਬਠਿੰਡਾ ਦੇ ਹਸਪਤਾਲਾਂ ਨੂੰ ਐਲਰਟ ਜਾਰੀ ਕੀਤਾ ਗਿਆ ਹੈ, ਅਤੇ ਸਿਹਤ ਮੰਤਰੀ ਪੰਜਾਬ ਅੰਦੋਲਨ ‘ਚ ਜ਼ਖ਼ਮੀ ਹੋਏ ਕਿਸਾਨਾਂ ਨਾਲ਼ ਮੁਲਾਕਾਤਾਂ ਕਰ ਕੇ ਉਹਨਾਂ ਦਾ ਹਾਲ ਜਾਣਨਗੇ।

ਦੱਸ ਦਈਏ ਕਿ ਪੰਜਾਬ ਦੇ ਕਿਸਾਨਾਂ ਦੇ ਦਿੱਲੀ ਕੂਚ ਦਾ ਅੱਜ (ਬੁੱਧਵਾਰ) ਦੂਜਾ ਦਿਨ ਹੈ। ਪੰਜਾਬ ਕਿਸਾਨ ਮਜ਼ਦੂਰ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਜਾਣਗੇ। ਸਰਵਣ ਸਿੰਘ ਪੰਧੇਰ ਨੇ ਕਿਹਾ-ਸਾਡਾ ਉਦੇਸ਼ ਬੈਰੀਕੇਡ ਤੋੜਨਾ ਨਹੀਂ ਹੈ। ਅਸੀਂ ਕਹਿ ਰਹੇ ਹਾਂ ਕਿ ਜਾਂ ਤਾਂ ਸਰਕਾਰ ਸਾਡੀਆਂ ਮੰਗਾਂ ਮੰਨੇ ਜਾਂ ਸਾਨੂੰ ਸੰਵਿਧਾਨ ਅਨੁਸਾਰ ਦਿੱਲੀ ਜਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਦੇਵੇ। ਸਾਡੇ ਬਾਰੇ ਗਲਤ ਧਾਰਨਾ ਬਣਾਈ ਜਾ ਰਹੀ ਹੈ।
ਸਰਵਣ ਸਿੰਘ ਪੰਧੇਰ ਨੇ ਕਿਹਾ- ਸ਼ੰਭੂ ਬਾਰਡਰ ‘ਤੇ ਜ਼ਖਮੀ ਹੋਏ 100 ਦੇ ਕਰੀਬ ਕਿਸਾਨ ਹਸਪਤਾਲ ‘ਚ ਦਾਖਲ ਹਨ ਅਤੇ ਕਈ ਜ਼ਖਮੀ ਹਸਪਤਾਲ ਗਏ ਹੀ ਨਹੀਂ। ਖਨੌਰੀ ਸਰਹੱਦ ‘ਤੇ 30 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਅੱਥਰੂ ਗੈਸ ਦੇ ਗੋਲੇ ਵਰਤੇ ਜਾ ਰਹੇ ਹਨ। ਕਿਸਾਨਾਂ ‘ਤੇ ਭਾਰੀ ਬਲ ਪ੍ਰਯੋਗ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ‘ਤੇ ਪਾਬੰਦੀ 15 ਫਰਵਰੀ ਦੀ ਅੱਧੀ ਰਾਤ 12 ਵਜੇ ਤੱਕ ਵਧਾ ਦਿੱਤੀ ਗਈ ਹੈ। ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਵਿੱਚ ਇਹ ਪਾਬੰਦੀ ਲਾਗੂ ਰਹੇਗੀ।












