ਪੰਜਾਬ ਦੇ ਜਲੰਧਰ ਵਿੱਚ ਸੋਮਵਾਰ ਸਵੇਰੇ ਇੱਕ ਨਹਿਰ ਦੇ ਕੋਲ ਡੀਐਸਪੀ ਦਲਬੀਰ ਸਿੰਘ ਦਿਓਲ ਦੀ ਲਾਸ਼ ਮਿਲੀ ਹੈ। ਸੰਗਰੂਰ ਦੇ ਪਿੰਡ ਲੱਧਾ ਕੋਠੀ ਦੇ ਰਹਿਣ ਵਾਲੇ ਦਲਬੀਰ ਸਿੰਘ ਦਿਓਲ ਪੀਏਪੀ ਸਿਖਲਾਈ ਕੇਂਦਰ ਵਿੱਚ ਤਾਇਨਾਤ ਸਨ। ਦੱਸ ਦਈਏ ਕਿ ਦਿਓਲ ਅਰਜੁਨ ਐਵਾਰਡ ਨਾਲ ਸਨਮਾਨਿਤ ਵੀ ਸਨ।
ਜਾਣਕਾਰੀ ਅਨੁਸਾਰ ਡੀਐਸਪੀ ਦੀ ਲਾਸ਼ ਬਸਤੀ ਬਾਵਾ ਖੇਲ ਨਹਿਰ ਕੋਲ ਪਈ ਸੀ। ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ। ਜਿਸ ਤੋਂ ਬਾਅਦ ਥਾਣਾ-2 ਦੀ ਪੁਲਸ ਜਾਂਚ ਲਈ ਮੌਕੇ ‘ਤੇ ਪਹੁੰਚੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਵਾਰਦਾਤ ਵਾਲੀ ਥਾਂ ਤੋਂ ਮਿਲੇ ਪਰਸ ਤੋਂ ਉਨ੍ਹਾਂ ਦੀ ਪਛਾਣ ਹੋਈ। ਮਾਮਲੇ ਦੀ ਜਾਣਕਾਰੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ। ਮੌਕੇ ਤੋਂ ਮਿਲੇ ਪਰਸ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਜੇਸੀਪੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਐਕਸੀਡੈਂਟ ਦਾ ਜਾਪਦਾ ਹੈ। ਡੀਐਸਪੀ ਦਲਬੀਰ ਸਿੰਘ ਰਾਤ ਨੂੰ ਪੈਦਲ ਕਿਤੇ ਜਾ ਰਹੇ ਸਨ। ਇਸ ਦੌਰਾਨ ਉਸ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਉਨ੍ਹਾਂ ਦੇ ਸਿਰ ਵਿੱਚ ਕੋਈ ਚੀਜ਼ ਵੱਜੀ। ਇਸ ਕਾਰਨ ਉਸ ਦੀ ਮੌਤ ਹੋ ਗਈ।
ਸੰਦੀਪ ਸ਼ਰਮਾ ਨੇ ਦੱਸਿਆ ਕਿ ਇਲਾਕੇ ਦੇ ਸੀ.ਸੀ.ਟੀ.ਵੀ ਵੀ ਚੈੱਕ ਕੀਤੇ ਜਾ ਰਹੇ ਹਨ। ਜਿਸ ਕਾਰਨ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ। ਜੇਕਰ ਇਹ ਐਕਸੀਡੈਂਟ ਨਹੀਂ ਹੈ ਤਾਂ ਸਿਰ ‘ਤੇ ਜ਼ਖ਼ਮ ਕਿਵੇਂ ਹੋਇਆ? ਫਿਲਹਾਲ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਚੱਲ ਰਹੀ ਹੈ।
ਦੱਸ ਦਈਏ ਕਿ ਕਰੀਬ 16 ਦਿਨ ਪਹਿਲਾਂ ਡੀਐਸਪੀ ਦਲਬੀਰ ਸਿੰਘ ਦਿਓਲ ‘ਤੇ ਪਿੰਡ ਮੰਡ ਵਿੱਚ ਪਿੰਡ ਵਾਸੀਆਂ ’ਤੇ ਗੋਲੀਆਂ ਚਲਾਉਣ ਦੇ ਇਲਜ਼ਾਮ ਵੀ ਲੱਗੇ ਸਨ। ਹਾਲਾਂਕਿ ਉਥੇ ਕਿਸੇ ਨੂੰ ਗੋਲੀ ਨਹੀਂ ਲੱਗੀ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਰਾਜ਼ੀਨਾਮਾ ਕਰਵਾ ਦਿੱਤਾ ਸੀ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ ਘਟਨਾ ਸਮੇਂ ਡੀਐਸਪੀ ਸ਼ਰਾਬੀ ਸੀ। ਝਗੜੇ ਦੌਰਾਨ ਡੀਐਸਪੀ ਦਿਓਲ ਤੇ ਦੋ ਗੋਲੀਆਂ ਚਲਾਉਣ ਦੇ ਦੋਸ਼ ਸਨ।












